ਚੰਡੀਗੜ੍ਹ, 4 ਸਤੰਬਰ 2025 : ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਬਣੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੇ ਆਪ ਦੇ ਸੰਸਦ ਮੈਂਬਰਾਂ ਨੇ ਆਪਣੇ ਵਿਸ਼ੇਸ਼ ਅਧਿਕਾਰ ਫੰਡ ਹੜ੍ਹ ਰਾਹਤ ਕਾਰਜਾਂ ਲਈ ਵਰਤਣ ਦਾ ਐਲਾਨ ਕਰ ਦਿੱਤਾ ਹੈ । ਇਸ ਦੇ ਨਾਲ ਆਪ ਦੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ।
ਡਾ. ਸੰਦੀਪ ਪਾਠਕ ਨੇ ਆਪਣੇ ਅਖਤਿਆਰੀ ਫੰਡਾਂ ਵਿੱਚੋਂ 5 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ (Rajya Sabha Member Dr. Sandeep Pathak) ਨੇ ਫਿਰੋਜਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਬਚਾਓ ਕਾਰਜਾਂ ਦਾ ਜਾਇਜਾ ਲਿਆ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਆਪਣੇ ਅਖਤਿਆਰੀ ਫੰਡਾਂ ਵਿੱਚੋਂ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ । ਇਸੇ ਤਰ੍ਹਾਂ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਅਤੇ ਨਾਲ ਹੀ ਰਾਹਤ ਕਾਰਜਾਂ ਲਈ ਆਪਣੇ ਅਖਤਿਆਰੀ ਫੰਡਾਂ ਵਿੱਚੋਂ 3.60 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਵਿਸ਼ੇਸ਼ ਅਧਿਕਾਰ ਫੰਡ ਹੜ੍ਹ ਰਾਹਤ ਕਾਰਜਾਂ ਲਈ ਵਰਤਣ ਦਾ ਐਲਾਨ
ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ (Rajya Sabha Member Sant Balvir Singh Seechewal) ਨਿਰੰਤਰ ਕਈ ਦਿਨਾਂ ਤੋਂ ਕਪੂਰਥਲਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਰਾਹਤ ਕਾਰਜ ਚਲਾ ਰਹੇ ਹਨ, ਉੱਥੇ ਨਾਲ ਹੀ ਆਪਣੇ ਅਖਤਿਆਰੀ ਫੰਡਾਂ ਵਿੱਚੋਂ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ । ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਪੱਧਰ ‘ਤੇ ਹੜ੍ਹ ਪੀੜਤਾਂ ਲਈ ਸਹਾਇਤਾ ਨੰਬਰ ਵੀ ਜਾਰੀ ਕੀਤੇ ਹਨ । ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਪਣੇ ਫੰਡ ਵਿੱਚੋਂ ਮੋਬਾਈਲ ਟੈਂਕਰਾਂ ਤੇ ਫੋਗਿੰਗ ਮਸ਼ੀਨਾਂ ਲਈ 30 ਲੱਖ ਰੁਪਏ ਜਾਰੀ ਕੀਤੇ ਹਨ । ਇਸ ਤੋਂ ਇਲਾਵਾ ਫਿਰੋਜ਼ਪੁਰ ਲਈ 17.32 ਲੱਖ ਦੀਆਂ ਤਿੰਨ ਕਿਸ਼ਤੀਆਂ, ਕਪੂਰਥਲਾ ਲਈ ਦੋ ਅਤੇ ਗੁਰਦਾਸਪੁਰ ਲਈ ਇੱਕ ਕਿਸ਼ਤੀ ਲਈ ਫੰਡ ਜਾਰੀ ਕੀਤੇ। ਚਾਰ ਕਿਸ਼ਤੀਆਂ ਜਲੰਧਰ ਲਈ ਐਲਾਨੀਆਂ ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਲੋਕ ਸਭਾ ਤੇ ਰਾਜ ਸਭਾ ਮੈਂਬਰ
ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਐਮ. ਪੀ. ਲੈਂਡ ਫੰਡ ਵਿੱਚੋਂ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ । ਇਹ ਰਾਸ਼ੀ ਜ਼ਿਲ੍ਹੇ ਦੇ ਵੱਖ-ਵੱਖ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਖਰਚ ਕੀਤੀ ਜਾਵੇਗੀ । ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਜੋ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ, ਨੇ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ । ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਅੰਮ੍ਰਿਤਸਰ ਲਈ 20 ਲੱਖ ਰੁਪਏ ਜਾਰੀ ਕੀਤੇ ਹਨ ।
ਕੰਗ ਨੇ ਬੇਲਾ ਤਾਜੋਵਾਲ ਵਿਖੇ ਸਥਿਤ ਸਤਲੁਜ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਐਮ. ਪੀ. ਲੈਂਡ ਫੰਡ ਵਿੱਚੋਂ 20 ਲੱਖ ਰੁਪਏ ਤੁਰੰਤ ਜਾਰੀ ਕਰ ਦਿੱਤੇ ਹਨ
ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੇਲਾ ਤਾਜੋਵਾਲ ਵਿਖੇ ਸਤਲੁਜ ਦਰਿਆ ਦੇ ਕਿਨਾਰਿਆਂ ਦਾ ਜਾਇਜਾ ਲੈਣ ਤੋਂ ਇਲਾਵਾ ਮੋਹਾਲੀ ਜ਼ਿਲ੍ਹੇ ਦੇ ਨਯਾਗਾਓ ਵਿੱਚੋਂ ਲੰਘਦੀ ਪਟਿਆਲਾ ਕੀ ਰਾਓ ਵੱਲੋਂ ਸੜਕ ਨੂੰ ਲਗਾਏ ਗਏ ਖੋਰੇ ਦਾ ਵੀ ਜਾਇਜ਼ਾ ਲਿਆ ਗਿਆ । ਕੰਗ ਨੇ ਬੇਲਾ ਤਾਜੋਵਾਲ ਵਿਖੇ ਸਥਿਤ ਸਤਲੁਜ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਐਮ. ਪੀ. ਲੈਂਡ ਫੰਡ ਵਿੱਚੋਂ 20 ਲੱਖ ਰੁਪਏ ਤੁਰੰਤ ਜਾਰੀ ਕਰ ਦਿੱਤੇ ਹਨ ।
Read More : ਹੜ੍ਹਾਂ ਦੀ ਸਥਿਤੀ ‘ ਤੇ ਜ਼ਿਲ੍ਹਾ ਪਟਿਆਲਾ ਦੇ ਐਮ. ਐਲ. ਏਜ਼ ਇੱਕਜੁੱਟ