ਚੰਡੀਗੜ੍ਹ, 31 ਅਗਸਤ 2025 : ਪੰਜਾਬ ਦੇ ਮੁੱਖ ਸਕੱਤਰ ਪੰਜਾਬ ਕੇ. ਏ. ਪੀ. ਸਿਨਹਾ (Chief Secretary Punjab K. A. P. Sinha) ਨੇ ਕਿਹਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਲੋਕਾਂ ਦੇ ਨਾਲ ਖੜ੍ਹੀ ਹੈ ਤੇ ਲੋਕਾਂ ਦੇ ਹਰ ਮੁਸ਼ਕਲ ਵਿੱਚ ਸਾਥ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਫਿਲਹਾਲ ਰਾਹਤ ਅਤੇ ਬਚਾਓ ਦੇ ਕਾਰਜ ਜਾਰੀ ਹਨ। ਇਸ ਉਪਰੰਤ ਸਥਿਤੀ ਆਮ ਵਾਂਗ ਹੋਣ ਉਤੇ ਮੁਆਵਜ਼ੇ ਲਈ ਵਿਸ਼ੇਸ਼ ਗਿਰਦਾਵਰੀ ਕਰਕੇ ਹਰੇਕ ਤਰ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਵੱਲੋਂ ਰਾਹਤ ਦੇ ਕੰਮਾਂ ਲਈ ਉੱਚ ਤਾਕਤੀ ਕਮੇਟੀ ਬਣਾਈ ਗਈ ਹੈ, ਜਿਸ ਦੇ ਚਲਦੇ ਅੰਮ੍ਰਿਤਸਰ ਜਿਲ੍ਹੇ ਵਿੱਚ ਤਿੰਨ ਸੀਨੀਅਰ ਅਧਿਕਾਰੀ ਇਨਾਂ ਕੰਮਾਂ ਦੀ ਨਿਗਰਾਨੀ ਅਤੇ ਮਦਦ ਲਈ ਭੇਜੇ ਗਏ ਹਨ ।
ਮੁੱਖ ਸਕੱਤਰ ਪੰਜਾਬ ਵੱਲੋਂ ਅੰਮ੍ਰਿਤਸਰ ਤੇ ਪਠਾਨਕੋਟ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਸਿਨਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਨੇ ਅੱਜ ਅੰਮ੍ਰਿਤਸਰ ਜ਼ਿਲੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਅਜਨਾਲਾ, ਰਮਦਾਸ ਅਤੇ ਪਠਾਨਕੋਟ ਦੇ ਬਲਾਕ ਬਮਿਆਲ ਅਤੇ ਨਰੋਟ ਜੈਮਲ ਸਿੰਘ ਵਿਚ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕਰ ਰਹੇ ਸਨ । ਉਨ੍ਹਾਂ ਪਿੰਡ ਚਮਿਆਰੀ ਵਿਖੇ ਬਣਾਏ ਗਏ ਰਾਹਤ ਕੇਂਦਰ ਵਿੱਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ।
ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਲਈ ਵਚਨਬੱਧ
ਸਿਨਹਾ ਨੇ ਹੜ੍ਹ ਦੇ ਪਾਣੀ ਵਿੱਚ ਘਿਰੇ ਪਿੰਡਾਂ (Villages surrounded by floodwaters) ਵਿੱਚ ਪਹੁੰਚ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਹੁਣ ਤੱਕ ਪਹੁੰਚਾਈ ਗਈ ਰਾਹਤ ਬਾਰੇ ਵੀ ਲੋਕਾਂ ਦੇ ਵਿਚਾਰ ਲਏ। ਕਈ ਪਿੰਡਾਂ ਵਿੱਚ ਉਨ੍ਹਾਂ ਨੇ ਆਪ ਪਹੁੰਚ ਕੇ ਲੋਕਾਂ ਨੂੰ ਰਾਹਤ ਸਮੱਗਰੀ ਦੀ ਵੰਡ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਆਉਣ ਲਈ ਪ੍ਰੇਰਿਆ । ਇਸ ਉਪਰੰਤ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਮੀਟਿੰਗ ਕੀਤੀ, ਜਿਸ ਵਿੱਚ ਬਚਾਅ ਅਤੇ ਰਾਹਤ ਲਈ ਅਪਣਾਈ ਗਈ ਰਣਨੀਤੀ ਅਤੇ ਹੁਣ ਤੱਕ ਮਿਲੀ ਕਾਮਯਾਬੀ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ । ਉਹਨਾਂ ਨੇ ਫੌਜ ਦੇ ਜਵਾਨਾਂ, ਐਨ ਡੀ ਆਰ ਐਫ, ਪੁਲਿਸ ਅਤੇ ਸਿਵਿਲ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੇ ਜਾ ਰਹੇ ਕੰਮ ਦੀ ਸਰਾਹਨਾ ਕੀਤੀ ।
ਪਾਣੀ ਵਿੱਚ ਘਿਰੇ ਲੋਕਾਂ ਤੱਕ ਪਹੁੰਚ ਕਰਕੇ ਜਾਣਿਆ ਸਥਿਤੀ ਦਾ ਹਾਲ
ਮੁੱਖ ਸਕੱਤਰ ਨੇ ਬਮਿਆਲ, ਕੋਲੀਆਂ ਵਿਖੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਦਿਆਂ ਕਿਹਾ ਕਿ ਰਾਵੀ ਦਰਿਆ ਵਿਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਧੁੱਸੀ ਬੰਨ੍ਹ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਰਾਵੀ ਨਾਲ ਲੱਗਦੇ ਜ਼ਿਲਾ ਪਠਾਨਕੋਟ ਦੇ ਬਹੁਤ ਸਾਰੇ ਪਿੰਡ ਹੜ੍ਹ ਦੀ ਲਪੇਟ ਵਿਚ ਆਏ ਹਨ । ਉਨ੍ਹਾਂ ਕਿਹਾ ਕਿ ਹੁਣ ਦਰਿਆ ਵਿਚ ਪਾਣੀ ਦਾ ਪੱਧਰ ਘਟਿਆ ਹੈ, ਜਿਸ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੀ ਪਾਣੀ ਘਟ ਰਿਹਾ ਹੈ । ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਨੇ ਐਨ. ਡੀ. ਆਰ. ਐਫ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਪੰਜਾਬ ਸਰਕਾਰ ਦੀ ਤਰਫੋਂ ਜ਼ਿਲ੍ਹੇ ਵਿੱਚ ਰਾਹਤ ਕੰਮਾਂ ਲਈ ਤੈਨਾਤ ਕੀਤੇ ਗਏ ਪ੍ਰਬੰਧਕੀ ਸਕੱਤਰ ਪੱਧਰ ਦੇ ਅਧਿਕਾਰੀ ਜਿਨਾਂ ਵਿੱਚ ਕਮਲ ਕਿਸ਼ੋਰ ਯਾਦਵ, ਵਰਨ ਰੂਜ਼ਮ ਅਤੇ ਬਸੰਤ ਗਰਗ ਸ਼ਾਮਲ ਹਨ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਜ਼ਿਲਾ ਪੁਲਸ ਮੁਖੀ ਮਨਿੰਦਰ ਸਿੰਘ, ਡਿਪਟੀ ਕਮਾਂਡਰ ਅਨਿਲ ਤਾਲਕੁਤਰਾ ਐਨ. ਡੀ. ਆਰ. ਐਫ., ਕਰਨਲ ਰੋਬਿਨ ਐਥਨੀ, ਪਠਾਨਕੋਟ ਦੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਐੱਸ. ਐੱਸ. ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਦੀਪ ਸਿੰਘ ਹਾਜ਼ਰ ਸਨ ।
Read More : ਹੜ੍ਹ ਅਤੇ ਸੋਕੇ ਦਾ ਨੁਕਸਾਨ ਪੰਜਾਬ ਦੇ ਹਿੱਸੇ ਆਇਆ : ਗਿਆਨੀ ਹਰਪ੍ਰੀਤ ਸਿੰਘ