ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਫੌਜ ਦੇ 20 ਹੈਲੀਕਾਪਟਰ ਤਾਇਨਾਤ

0
23
army helicopters deployed

ਚੰਡੀਗੜ੍ਹ, 29 ਅਗਸਤ 2025 : ਭਾਰੀ ਮੀਂਹ ਦੇ ਚਲਦਿਆਂ ਸਤਲੁਜ, ਬਿਆਸ, ਰਾਵੀ ਅਤੇ ਉਝ ਦਰਿਆਵਾਂ ‘ਚ ਪਾੜ ਪੈਣ ਜਾਂ ਪਾਣੀ ਦੇ ਓਵਰਫਲੋਅ ਕਾਰਨ ਬਣੀ ਹੜ੍ਹਾਂ ਵਰਗੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਪੁਲਸ, ਭਾਰਤੀ ਫੌਜ, ਸੀਮਾ ਸੁਰੱਖਿਆ ਬਲ (ਬੀ. ਐਸ. ਐਫ.), ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ. ਡੀ. ਆਰ. ਐਫ.), ਸਟੇਟ ਡਿਜਾਸਟਰ ਰਿਸਪਾਂਸ ਫੋਰਸ (ਐਸ. ਡੀ. ਆਰ. ਐਫ.) ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਹੁਣ ਤੱਕ 7689 ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ । ਇਹ ਜਾਣਕਾਰੀ ਅੱਜ ਇਥੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀ. ਜੀ. ਪੀ.) ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦਿੱਤੀ।

ਪੰਜਾਬ ਪੁਲਸ, ਐਨ. ਡੀ. ਆਰ. ਐਫ,, ਐਸ. ਡੀ. ਆਰ. ਐਫ. ਅਤੇ ਭਾਰਤੀ ਫੌਜ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਿਲ ਕੇ ਕੰਮ ਕਰ ਰਹੀਆਂ; 7600 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ

ਹੜ੍ਹਾਂ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਤਰਨ ਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸ਼ਾਮਲ ਹਨ । ਵਿਸ਼ੇਸ਼ ਡੀ. ਜੀ. ਪੀ. ਅਰਪਿਤ ਸ਼ੁਕਲਾ, ਜੋ ਕਿ ਸੂਬੇ ਵਿੱਚ ਬਣੇ ਹਾਲਾਤਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਹਨ, ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕੈਂਪ ਸਥਾਪਤ ਕੀਤੇ ਹਨ ਜਿੱਥੇ ਲੋਕਾਂ ਲਈ ਭੋਜਨ ਅਤੇ ਦਵਾਈਆਂ ਦੇ ਲੰਗਰ ਲਾਏ ਗਏ ਹਨ ਅਤੇ ਇਸਦੇ ਨਾਲ ਹੀ ਪਸ਼ੂਆਂ ਲਈ ਚਾਰਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ । ਲੋਕਾਂ ਨੂੰ ਕੱਢਣ ਅਤੇ ਖਾਣੇ ਦੇ ਪੈਕੇਟ ਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ।

ਭੋਜਨ ਪਹੁੰਚਾਉਣ ਅਤੇ ਫਸੇ ਹੋਏ ਲੋਕਾਂ ਦਾ ਪਤਾ ਲਗਾਉਣ ਲਈ ਡਰੋਨ ਦੀ ਕੀਤੀ ਜਾ ਰਹੀ ਵਰਤੋਂ : ਸਪੈਸ਼ਲ ਡੀ. ਜੀ. ਪੀ. ਅਰਪਿਤ ਸ਼ੁਕਲਾ

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਹੜ੍ਹਾਂ ਦੀ ਮਾਰ ਹੇਠਲੇ ਇਲਾਕਿਆਂ ‘ਚੋਂ ਕੱਢਣ ਅਤੇ ਸੁਰੱਖਿਅਤ ਥਾਵਾਂ ‘ਤੇ ਲਿਜਾਣ ਲਈ ਭਾਰਤੀ ਫੌਜ ਦੇ 20 ਹੈਲੀਕਾਪਟਰ ਰਾਜ ਵਿੱਚ ਤਾਇਨਾਤ ਹਨ । ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਐਸ. ਐਸ. ਪੀਜ਼. ਨੂੰ ਫੀਲਡ ਵਿੱਚ ਰਹਿਣ ਅਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਸਥਿਤੀ ਦੀ ਨਿਯਮਿਤ ਤੌਰ ‘ਤੇ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ ।

ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਐਸਐਸਪੀਐਜ਼ ਰਾਹਤ ਕਾਰਜਾਂ ਦੀ ਨਿੱਜੀ ਤੌਰ ‘ਤੇ ਕਰ ਰਹੇ ਨਿਗਰਾਨੀ

ਉਨ੍ਹਾਂ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਐਸ. ਐਸ. ਪੀਜ਼. ਰਾਹਤ ਕਾਰਜਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ । ਵਿਸ਼ੇਸ਼ ਡੀ. ਜੀ. ਪੀ. ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਚਾਰ ਦਿਨਾਂ ਦਾ ਅਲਰਟ ਜਾਰੀ ਕੀਤੇ ਜਾਣ ਦੇ ਨਾਲ ਪੰਜਾਬ ਪੁਲਸ ਨੂੰ ਹੜ੍ਹ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਅਲਰਟ ‘ਤੇ ਰੱਖਿਆ ਗਿਆ ਹੈ ।

Read More : ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ

LEAVE A REPLY

Please enter your comment!
Please enter your name here