200 ਸਾਲ ਪੁਰਾਣੇ ਡੇਰਾ ਗੁੱਗਾ ਮਾੜੀ ਦੇ ਹੱਕ ’ਚ ਨਿਤਰੇ ਅਕਾਲੀ ਤੇ ਕਿਸਾਨ

0
27
Dera Gugga Mari

ਪਟਿਆਲਾ, 21 ਅਗਸਤ 2025 : ਅਬਲੋਵਾਲ ਸਥਿਤ ਡੇਰਾ ਗੁੱਗਾ ਮਾੜੀ (Dera Gugga Madi located in Ablowal) ਨੂੰ ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕਰਨ ਤੋਂ ਬਾਅਦ ਸਥਾਨਕ ਅਕਾਲੀ ਆਗੂ ਤੇ ਕਿਸਾਨ ਜਥੇਬੰਦੀਆਂ ਗੁੱਗਾ ਮਾੜੀ ਦੇ ਹੱਕ ਵਿਚ ਨਿੱਤਰ ਆਏ ਹਨ ਅਤੇ ਉਹਨਾਂ ਸਪਸ਼ਟ ਕੀਤਾ ਹੈ ਕਿ ਨਗਰ ਨਿਗਮ ਵੱਲੋਂ ਧੱਕੇ ਨਾਲ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ ਅਤੇ ਲੋਕ ਅਜਿਹਾ ਹਰਗਿਜ਼ ਨਹੀਂ ਹੋਣ ਦੇਣਗੇ ।

ਨਗਰ ਨਿਗਮ ਨੇ ਜ਼ਬਰੀ ਕਾਰਵਾਈ ਕਰਨ ਦਾ ਯਤਨ ਕੀਤਾ ਤਾਂ ਲੋਕ ਪੁਰਜ਼ੋਰ ਵਿਰੋਧ ਕਰਨਗੇ : ਅਮਿਤ ਰਾਠੀ, ਕਿਸਾਨ ਆਗੂ

ਪਟਿਆਲਾ ਮੀਡੀਆ ਕਲੱਬ ਵਿਚ ਡੇਰੇ ਦੇ ਮਹੰਤ ਰਾਮ ਦਾਸ ਤੇ ਉਹਨਾਂ ਦੀ ਟੀਮ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ (District Urban President of Akali Dal) ਅਮਿਤ ਰਾਠੀ ਤੇ ਕਿਸਾਨ ਆਗੂਆਂ ਗੁਰਮੀਤ ਸਿੰਘ, ਨਿਸ਼ਾਨ ਸਿੰਘ ਅਬਲੋਵਾਲ, ਹਰਪ੍ਰੀਤ ਸਿੰਘ ਅਬਲੋਵਾਲ, ਗੁਰਚਰਨ ਸਿੰਘ ਅਬਲੋਵਾਲ, ਸ਼ਾਮ ਸਿੰਘ ਅਬਲੋਵਾਲ ਤੇ ਹੋਰਨਾਂ ਨੇ ਕਿਹਾ ਕਿ ਇਹ ਜਗ੍ਹਾ ਗੁੱਗਾ ਮਾੜੀ ਦੀ ਹੈ ਤੇ 1958 ਵਿਚ ਜਦੋਂ ਮੁਰੱਬਾਬੰਦੀ ਹੋਈ ਤਾਂ ਜਾਣ ਬੁੱਝ ਇਸ ਥਾਂ ਨੂੰ ਮਾੜੀ ਦੀ ਥਾਂ ਮੜ੍ਹੀਆਂ ਲਿਖ ਦਿੱਤਾ ਗਿਆ । ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਹਾਈ ਕੋਰਟ ਵਿਚ ਦੋ ਕੇਸ ਪਹਿਲਾਂ ਹੀ ਚਲ ਰਹੇ ਹਨ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਖੁਦ ਮੰਨਿਆ ਹੈ ਕਿ ਜ਼ਿਲ੍ਹੇ ਵਿਚ ਧਰਮ ਦੇ ਨਾਂ ’ਤੇ ਕੋਈ ਗਲਤ ਕਬਜ਼ਾ ਨਹੀਂ ਹੈ ।

ਉਹਨਾਂ ਦੱਸਿਆ ਕਿ 1999 ਵਿਚ ਜਦੋਂ ਪਿੰਡ ਅਬਲੋਵਾਲ (Ablowal Village) ਨਗਰ ਨਿਗਮ ਦੀ ਹੱਦ ਵਿਚ ਆਇਆ ਤਾਂ ਡੇਰੇ ਨੂੰ ਜਾਣ ਬੁੱਝ ਕੇ ਨਗਰ ਨਿਗਮ ਦੇ ਮਾਲਕੀ ਵਾਲੇ ਖਾਨੇ ਵਿਚ ਪਾ ਦਿੱਤਾ ਗਿਆ ਤੇ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਬਾਰੇ ਵੀ ਕੇਸ ਅਦਾਲਤ ਵਿਚ ਚਲ ਰਿਹਾ ਹੈ । ਉਹਨਾਂ ਦੱਸਿਆ ਕਿ ਅਸੀਂ ਜ਼ਮੀਨ ਦੀ ਮਾਲਕੀ ਦੇ ਅਸਲ ਕਾਗਜ਼ ਲੈਣ ਵਾਸਤੇ ਵੀ ਡਾਇਰੈਕਟਰ ਲੈਂਡ ਰਿਕਾਰਡਜ਼ ਕੋਲ ਕੇਸ ਪਾਇਆ ਹੋਇਆ ਹੈ ਜੋ ਜਲੰਧਰ ਵਿਚ ਚਲ ਰਿਹਾ ਹੈ । ਉਹਨਾਂ ਕਿਹਾ ਕਿ ਹੁਣ ਨਗਰ ਨਿਗਮ ਪ੍ਰਸ਼ਾਸਨ ਕੇਸ ਚੱਲਣ ਦੇ ਬਾਵਜੂਦ ਵੀ ਜਗ੍ਹਾ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਹ ਕੁੱਲ 6 ਬੀਘੇ 3 ਬਿਸਵੇ ਦੇ ਕਰੀਬ ਥਾਂ ਹੈ ਜਿਸ ਵਿਚ ਗੁਰਦੁਆਰਾ ਸਾਹਿਬ ਅਤੇ ਮੰਦਿਰ ਵੀ ਬਣਿਆ ਹੋਇਆ ਹੈ ।

ਉਹਨਾਂ ਦੱਸਿਆ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ ਜਿਸਦੀ ਕਾਪੀ ਨਗਰ ਨਿਗਮ ਕਮਿਸ਼ਨਰ (Municipal Commissioner) ਨੂੰ ਦਿੱਤੀ ਹੈ ਜਿਸ ਵਿਚ ਸਪਸ਼ਟ ਕਿਹਾ ਹੈ ਕਿ ਜੇਕਰ ਸਰਕਾਰ ਨੇ ਧੱਕੇ ਨਾਲ ਇਸ ਥਾਂ ਦਾ ਕਬਜ਼ਾ ਲੈਣ ਦਾ ਯਤਨ ਕੀਤਾ ਤਾਂ ਲੋਕ ਆਪ ਮੁਹਾਰੇ ਅੱਗੇ ਆਉਣਗੇ ਅਤੇ ਧਾਰਮਿਕ ਅਸਥਾਨ ਨੂੰ ਬਚਾਉਣ ਲਈ ਅਜਿਹੀ ਮੁਹਿੰਮ ਵਿੱਢੀ ਜਾਵੇਗੀ ਕਿ ਧਾਰਮਿਕ ਸਥਾਨਾਂ ਉਪਰ ਮੈਲੀ ਅੱਖ ਰੱਖਣ ਵਾਲੇ ਦਾ ਅੰਜਾਮ ਇਕ ਇਤਿਹਾਸ ਬਣ ਜਾਵੇਗਾ ।

ਇਸ ਮੌਕੇ ਅਮਿਤ ਰਾਠੀ ਨੇ ਕਿਹਾ ਕਿ ਲੈਂਡ ਪੂਲਿੰਗ ਸਕੀਮ (Land Pooling Scheme) ਦੇ ਫੇਲ੍ਹ ਹੋਣ ਮਗਰੋਂ ਹੁਣ ਸਰਕਾਰ ਧਾਰਮਿਕ ਅਸਥਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨ ਦੇ ਰਾਹ ਤੁਰ ਪਈ ਹੈ । ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਐਨ ਆਈ ਐਸ ਦੇ ਬਾਹਰ ਗੁਰਦੁਆਰਾ ਸਾਹਿਬ ਦੀ ਥਾਂ ’ਤੇ ਕਬਜ਼ੇ ਦਾ ਯਤਨ ਕੀਤਾ ਗਿਆ, ਜਿਸਨੂੰ ਅਕਾਲੀ ਦਲ ਨੇ ਅਸਫਲ ਬਣਾਇਆ ਤੇ ਹੁਣ ਗੁੱਗਾ ਮਾੜੀ ਦੀ ਥਾਂ ’ਤੇ ਕਬਜ਼ੇ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਜੋ ਕਦੇ ਵੀ ਸਫਲ ਨਹੀਂ ਹੋਣ ਦਿੱਤੇ ਜਾਣਗੇ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਤੇ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਆਗੂ ਵੀ ਹਾਜ਼ਰ ਸਨ ।

Read More : ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਅਜੀਬੋ ਗਰੀਬ ਕਾਰਨਾਮਾ

LEAVE A REPLY

Please enter your comment!
Please enter your name here