ਡੀ. ਸੀ. ਵੱਲੋਂ ਝੋਨੇ ਦੀ ਸੁਚਾਰੂ ਖਰੀਦ ਲਈ ਆੜਤੀਆ ਐਸੋਸੀਏਸ਼ਨ ਨਾਲ ਅਹਿਮ ਬੈਠਕ

0
60
Aartiya Association

ਪਟਿਆਲਾ, 14 ਅਗਸਤ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪਟਿਆਲਾ ਦੀ ਆੜਤੀਆ ਐਸੋਸੀਏਸ਼ਨ ਦੇ ਵੱਡੀ ਗਿਣਤੀ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਸੱਦਾ ਦਿੱਤਾ ਹੈ ਕਿ ਉਹ ਆਪਣੇ ਨਾਲ ਜੁੜੇ ਕਿਸਾਨ ਵੀਰਾਂ ਨੂੰ ਪ੍ਰੇਰਿਤ ਕਰਨ ਕਿ ਉਹ ਝੋਨੇ ਦੇ ਸੀਜਨ ਦੌਰਾਨ ਮੰਡੀਆਂ ‘ਚ ਸੁੱਕਾ ਝੋਨਾ (Dry rice) ਹੀ ਲਿਆਉਣ ਅਤੇ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਵੀ ਨਾ ਲਗਾਉਣ ।

ਕਿਸਾਨ ਝੋਨੇ ਦੀ ਤੁਰੰਤ ਖਰੀਦ ਲਈ ਸੁੱਕਾ ਝੋਨਾ ਹੀ ਮੰਡੀਆਂ ‘ਚ ਲਿਆਉਣ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਆੜਤੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਕਿਸਾਨਾਂ ਦੀ ਸਹੂਲਤ ਤੇ ਉਨ੍ਹਾਂ ਦੀ ਫ਼ਸਲ ਦੀ ਸੁਚਾਰੂ ਖਰੀਦ ਹੈ ਇਸ ਲਈ ਸਮੂਹ ਆੜਤੀਏ ਝੋਨੇ ਦੇ ਆਗਾਮੀ ਸੀਜਨ ਦੌਰਾਨ ਜਿਣਸ ਦੀ ਨਿਰਵਿਘਨ ਖਰੀਦ ਲਈ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਆੜਤੀਏ ਕਿਸਾਨਾਂ ਨੂੰ ਪ੍ਰੇਰਤ ਕਰਨ ਕਿ ਉਹ ਵਾਧੂ ਨਮੀ ਵਾਲਾ ਝੋਨਾ ਮੰਡੀਆਂ (Paddy markets) ਵਿੱਚ ਨਾ ਲਿਆਉਣ । ਇਸ ਤੋਂ ਬਿਨ੍ਹਾਂ ਕੋਈ ਵੀ ਕੰਬਾਇਨ ਰਾਤ ਸਮੇਂ ਝੋਨੇ ਦੀ ਕਟਾਈ ਨਹੀਂ ਕਰੇਗੀ ਤੇ ਨਿਰਧਾਰਤ ਸਮੇਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ, ਦੇ ਅੰਦਰ-ਅੰਦਰ ਹੀ ਦਿਨ ਵੇਲੇ ਝੋਨੇ ਦੀ ਕਟਾਈ ਕੀਤੀ ਜਾਵੇ।

ਕਿਸਾਨ ਪਰਾਲੀ ਤੇ ਹੋਰ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ

ਇਸ ਮੌਕੇ ਆੜਤੀਆਂ ਵੱਲੋਂ ਉਠਾਏ ਮਸਲੇ ਸੁਣ ਕੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੇ ਹੱਲ ਲਈ ਭਰੋਸਾ ਦਿੱਤਾ ਅਤੇ ਪਿਛਲੇ ਸੀਜਨ ‘ਚ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫ਼ਸਲ ਦੀ ਖਰੀਦ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੰਡੀ ਅਫ਼ਸਰ (District Market Officer) ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਮੰਡੀ ‘ਚ ਸਾਫ਼ ਸਫ਼ਾਈ, ਨਮੀ ਚੈਕ ਕਰਨ ਵਾਲੇ ਮੀਟਰਾਂ ਦੀ ਕੈਲੀਬ੍ਰੇਸ਼ਨ, ਬਾਰਦਾਨੇ, ਢੋਆ-ਢੋਆਈ, ਲੇਬਰ, ਕਿਸਾਨਾਂ ਲਈ ਪੀਣ ਵਾਲੇ ਪਾਣੀ ਤੇ ਟੁਆਇਲਟਸ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਝੋਨੇ ਦੀ ਖਰੀਦ ਦੀ ਮਿਤੀ ਦਾ ਐਲਾਨ ਹੋਣ ਤੋਂ ਪਹਿਲਾਂ-ਪਹਿਲਾਂ ਪੂਰੇ ਕਰਨੇ ਯਕੀਨੀ ਬਣਾਏ ਜਾਣ ਤਾਂ ਕਿ ਮੰਡੀਆਂ ‘ਚ ਕੋਈ ਪ੍ਰੇਸ਼ਾਨੀ ਨਾ ਆਵੇ ਤਾਂ ਕਿ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਸਮੇਂ ਸਿਰ ਖਰੀਦਿਆ ਜਾ ਸਕੇ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਜਿਣਸ ਦੀ ਸੁਚਾਰੂ ਤੇ ਤੁਰੰਤ ਖਰੀਦ ਲਈ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ । ਇਸ ਮੌਕੇ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਦੇ ਆੜਤੀਆ ਐਸੋਸੀਏਸ਼ਨਾਂ ਦੇ ਨੁਮਾਇੰਦੇ, ਡੀ. ਐਫ. ਐਸ. ਸੀ, ਜ਼ਿਲ੍ਹਾ ਮੰਡੀ ਅਫ਼ਸਰ ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਅਤੇ ਹੋਰ ਅਧਿਕਾਰੀ ਮੌਜੂਦ ਸਨ ।

Read More : ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਨਿਰਵਿਘਨ ਤੇ ਸੁਚਾਰੂ ਖਰੀਦ ਲਈ ਅਗੇਤੀ ਬੈਠਕ

LEAVE A REPLY

Please enter your comment!
Please enter your name here