ਸੂਬਿਆਂ ਵਿੱਚ ਛਾਪੇਮਾਰੀ ਕਰਕੇ ਡਿਜੀਟਲ ਅਰੈਸਟ ਠੱਗੀ ਮਾਮਲੇ ਵਿੱਚ ਵੱਡੀ ਕਾਰਵਾਈ

0
94
Cyber Crime

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਗਸਤ2025 : ਡਾਇਰੈਕਟਰ ਜਨਰਲ ਆਫ਼ ਪੁਲਸ ਪੰਜਾਬ ਅਤੇ ਡੀ. ਆਈ. ਜੀ. ਰੂਪਨਗਰ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਾਈਬਰ ਆਧਾਰਿਤ ਵਿੱਤੀ ਅਪਰਾਧਾਂ (Cyber-based financial crimes) ਦੇ ਖ਼ਿਲਾਫ਼ ਲੜਾਈ ਵਿੱਚ ਇੱਕ ਮਹੱਤਵਪੂਰਣ ਸਫਲਤਾ ਹਾਸਲ ਕਰਦਿਆਂ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸਾਈਬਰ ਕ੍ਰਾਈਮ ਪੁਲਸ ਨੇ ਐਸ. ਐਸ. ਪੀ. ਹਰਮਨਦੀਪ ਹਾਂਸ (S. S. P. Harmandeep Hans) ਦੀ ਨਿਗਰਾਨੀ ਅਤੇ ਡੀ. ਐਸ. ਪੀ. ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਤਾਮਿਲਨਾਡੂ, ਕਰਨਾਟਕਾ ਅਤੇ ਗੁਜਰਾਤ ਸਮੇਤ ਕਈ ਰਾਜਾਂ ਵਿੱਚ ਸਾਂਝੇ ਤੌਰ ਤੇ ਛਾਪੇਮਾਰੀਆਂ ਕਰਕੇ “ਡਿਜੀਟਲ ਅਰੈਸਟ” ਠੱਗੀ ਵਿੱਚ ਸ਼ਾਮਲ ਦੋ ਗਿਰੋਹਾਂ ਦੇ 10 ਮੈਂਬਰਾਂ ਦੀ ਪਛਾਣ ਕਰਕੇ, 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ ।

92 ਕਰੋੜ ਦੀ ਰਾਸ਼ਟਰ ਪੱਧਰੀ ਠੱਗੀ ਦਾ ਪਰਦਾਫਾਸ਼

ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਅੱਜ ਪੱਤਰਕਾਰਾਂ ਨੂੰ ਦਸਿਆ ਕਿ “ਡਿਜੀਟਲ ਅਰੈਸਟ” (“Digital arrest”) ਠੱਗੀ ਇੱਕ ਯੋਜਨਾਬੱਧ ਤਰੀਕੇ ਨਾਲ ਰਚਿਆ ਗਿਆ ਸਾਈਬਰ ਕ੍ਰਾਈਮ ਮਾਡਲ ਹੈ, ਜਿਸ ਵਿੱਚ ਦੋਸ਼ੀ ਟੈਲੀਫ਼ੋਨ ਰਾਹੀਂ ਆਪਣੇ ਆਪ ਨੂੰ ਪੁਲਿਸ, ਸੀ. ਬੀ. ਆਈ. ਜਾਂ ਹੋਰ ਕਾਨੂੰਨੀ ਏਜੰਸੀ ਦੇ ਸੀਨੀਅਰ ਅਧਿਕਾਰੀ ਵਜੋਂ ਪੇਸ਼ ਕਰਦੇ ਹਨ। ਉਹ ਪੀੜਤਾਂ ਨੂੰ ਝੂਠੇ ਅਪਰਾਧਿਕ ਮਾਮਲਿਆਂ ਵਿੱਚ ਫਸਾਉਣ ਦਾ ਡਰ ਦਿਖਾ ਕੇ ਅਤੇ ਕਥਿਤ “ਡਿਜੀਟਲ ਗ੍ਰਿਫ਼ਤਾਰੀ” ਦੀ ਧਮਕੀ ਦੇ ਕੇ ਉਨ੍ਹਾਂ ਤੋਂ ਵੱਡੀ ਰਕਮ ਠੱਗ ਲੈਂਦੇ ਹਨ ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਦੋ ਗਿਰੋਹ ਦੇਸ਼ ਭਰ ਵਿੱਚ ਕਈ ਸੂਬਿਆਂ ਵਿੱਚ ਦਰਜਨਾਂ ਲੋਕਾਂ ਨਾਲ ਠੱਗੀ ਕਰ ਚੁੱਕੇ ਹਨ ਅਤੇ ਰਾਸ਼ਟਰੀ ਪੱਧਰ ‘ਤੇ ਲਗਭਗ 92 ਕਰੋੜ ਰੁਪਏ ਦੀ ਰਕਮ ਹੜੱਪ ਚੁੱਕੇ ਹਨ । ਗ੍ਰਿਫ਼ਤਾਰ ਕੀਤੇ ਗਏ 06 ਦੋਸ਼ੀ ਤਾਮਿਲਨਾਡੂ, ਕਰਨਾਟਕਾ ਅਤੇ ਗੁਜਰਾਤ ਦੇ ਵਸਨੀਕ ਹਨ, ਜਿਨ੍ਹਾਂ ਵਿੱਚੋਂ 02 ਦੋਸ਼ੀ ਪਹਿਲਾਂ ਹੀ ਜੇਲ ਵਿੱਚ ਹਨ, ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਲਿਆਂਦਾ ਜਾਵੇਗਾ । ਫਰਾਰ 02 ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ ।

ਮੁਕੱਦਮੇ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਥਾਣਾ ਸਾਈਬਰ ਕਰਾਈਮ ਫੇਜ਼-7 ਵਿਖੇ ਡਿਜੀਟਲ ਅਰੈਸਟ ਸਬੰਧੀ ਦਰਜ 2 ਵੱਖ-ਵੱਖ ਮੁਕੱਦਮਿਆ ਵਿੱਚ ਕੀਤੀ ਗਈ ਹੈ, ਜਿਸ ਤਹਿਤ 6 ਦੋਸ਼ੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਐੱਸ ਐੱਸ ਐੱਸ ਨਗਰ ਦੇ ਪੀੜਤਾਂ ਨਾਲ ਹੋਈ ਲਗਭਗ ਰੁਪਏ 3 ਕਰੋੜ ਦੀ ਠੱਗੀ ਟ੍ਰੇਸ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਵਿੱਚ ਇਸ ਗਿਰੋਹ ਵੱਲੋਂ ਲਗਭਗ ਰੁਪਏ 92 ਕਰੋੜ ਦੀ ਠੱਗੀ ਦਾ ਪਰਦਾਫਾਸ਼ ਹੋਇਆ ਹੈ, ਜਿਸ ਦੀ ਅਗਲੇਰੀ ਕਰਵਾਈ ਵਜੋਂ 310 ਬੈਂਕ ਖਾਤੇ ਫ੍ਰੀਜ਼/ਬੰਦ ਕਰਵਾਏ ਹਨ ।

ਇਸ ਤੋਂ ਇਲਾਵਾ ਤਫਤੀਸ਼ ਦੌਰਾਨ ਉਕਤਾਨ ਦੋਸ਼ੀਆ ਦੇ ਖਿਲਾਫ ਬੰਗਲੌਰ ਵਿਖੇ 12.50 ਕਰੋੜ ਰੁਪਏ ਦੀ ਠੱਗੀ ਵਾਲੀ ਡਿਜੀਟਲ ਗ੍ਰਿਫਤਾਰੀ ਕਰਨ ਬਾਰੇ ਮੁੱਕਦਮਾ ਨੰਬਰ 995/2024 U/S 318(4)319 (2) BNS & 66(C), 66(D) IT act PS Northeast Division ਬਾਰੇ ਵੀ ਗੱਲ ਸਾਹਮਣੇ ਆਈ ਹੈ ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਪਿਛਲੇ 4 ਮਹੀਨਿਆਂ ਦੌਰਾਨ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 06 ਗੈਰ-ਕਾਨੂੰਨੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕਰਦੇ ਹੋਏ 41 ਦੋਸ਼ੀ ਸਮੇਤ 7 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਕੀਤੇ ਗਏ । ਇਨ੍ਹਾਂ ਪਾਸੋਂ 30 ਲੈਪਟਾਪ, 159 ਮੋਬਾਈਲ ਫੋਨ, 169 ਸਿਮ ਕਾਰਡ, 127 ਬੈਂਕ ਏ ਟੀ ਐਮ ਕਾਰਡ ਅਤੇ 158 ਬੈਂਕ ਖਾਤੇ ਬਰਾਮਦ ਹੋਏ ਹਨ ।

ਇਸ ਤੋਂ ਇਲਾਵਾ ਹਨੀ ਟ੍ਰੈਪ ਮਾਮਲੇ ਚ 3 ਦੋਸ਼ੀ ਗ੍ਰਿਫ਼ਤਾਰ ਹੋਏ, ਜਿਨ੍ਹਾਂ ਪਾਸੋਂ ਮਹੱਤਵਪੂਰਣ ਡਿਜ਼ੀਟਲ ਸਬੂਤ ਬਰਾਮਦ ਹੋਏ। ਇਸੇ ਤਰ੍ਹਾਂ ਨਕਲੀ ਭਰਤੀ ਠੱਗੀ ਵਿੱਚ ਰੇਲਵੇ ਵਿਭਾਗ ਵਿੱਚ ਨੌਕਰੀ ਦੇ ਝਾਂਸੇ ਹੇਠ ਲਗਭਗ 25 ਪੀੜਤਾਂ ਨਾਲ ਠੱਗੀ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਗਿਆ । ਇਸ ਤੋਂ ਵੱਖ-ਵੱਖ ਮਾਮਲਿਆਂ ਵਿੱਚ 4,12,97,342/- ਰੁਪਏ ਪੀੜਤਾਂ ਨੂੰ ਵਾਪਸ ਕਰਵਾਏ ਗਏ ।

ਉਨ੍ਹਾਂ ਦੱਸਿਆ ਕਿ ਡਿਜੀਟਲ ਅਰੈਸਟ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦੀ ਬੈਂਕ ਰਾਹੀਂ ਸਮੇਂ ਸਿਰ ਪਹਿਚਾਣ ਕਰਕੇ, ਪੈਸਾ ਟ੍ਰਾਂਸਫਰ ਤੋਂ ਪਹਿਲਾਂ ਹੀ ਦਖਲ ਦੇ ਕੇ ਲਗਭਗ 2 ਕਰੋੜ ਰੁਪਏ ਦੀ ਠੱਗੀ ਰੋਕੀ ਗਈ । ਇਸ ਦੌਰਾਨ ਬੈਂਕ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਸ਼ੱਕੀ ਲੈਣ-ਦੇਣ ਹੋਣ ‘ਤੇ ਤੁਰੰਤ ਸਾਈਬਰ ਪੁਲਿਸ ਨੂੰ ਸੂਚਿਤ ਕੀਤਾ ਜਾਵੇ ।

ਐਸ. ਐਸ. ਪੀ. ਹਰਮਨਦੀਪ ਹਾਂਸ ਨੇ ਕਿਹਾ ਇਹ ਕਾਰਵਾਈ ਸਿਰਫ਼ ਅਪਰਾਧੀਆਂ ਦੀ ਗ੍ਰਿਫ਼ਤਾਰੀ ਤੱਕ ਸੀਮਿਤ ਨਹੀਂ, ਸਗੋਂ ਪੰਜਾਬ ਪੁਲਸ ਦੀ ਨਾਗਰਿਕਾਂ ਨੂੰ ਸਾਈਬਰ ਅਪਰਾਧਾਂ ਤੋਂ ਬਚਾਉਣ ਲਈ ਅਟੱਲ ਵਚਨਬੱਧਤਾ ਦਾ ਸਪੱਸ਼ਟ ਪ੍ਰਮਾਣ ਹੈ । ਉਨ੍ਹਾਂ ਕਿਹਾ, “ਸਾਈਬਰ ਅਪਰਾਧੀ ਗਿਰੋਹਾਂ ਦੇ ਨੈੱਟਵਰਕ ਨੂੰ ਤੋੜਨ, ਪੀੜਤਾਂ ਦੇ ਪੈਸੇ ਵਾਪਸ ਲਿਆਉਣ ਅਤੇ ਹਰ ਦੋਸ਼ੀ ਨੂੰ ਕਾਨੂੰਨੀ ਘੇਰੇ ਵਿੱਚ ਲਿਆਉਣ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ।

Read More : DGP ਗੌਰਵ ਯਾਦਵ ਨੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਕੀਤਾ ਉਦਘਾਟਨ 

LEAVE A REPLY

Please enter your comment!
Please enter your name here