ਨਸ਼ਿਆਂ ਵਿਰੁੱਧ ਜੰਗ ਵਿੱਚ 5000 ਤੋਂ ਵੱਧ ਐਫ. ਆਈ. ਆਰ ਦਰਜ : ਚੀਮਾ

0
13
Harpal Singh Cheema

ਚੰਡੀਗੜ੍ਹ, 12 ਅਗਸਤ 2025 : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Punjab Finance Minister Advocate Harpal Singh Cheema)  ਜੋ ‘ਯੁੱਧ ਨਸ਼ਿਆਂ ਵਿਰੁੱਧ ਕੈਬਨਿਟ ਸਬ-ਕਮੇਟੀ’ ਦੇ ਚੇਅਰਮੈਨ ਵੀ ਹਨ, ਨੇ ਅੱਜ ਇਥੇ ਐਲਾਨ ਕੀਤਾ ਕਿ ‘ਸੇਫ ਪੰਜਾਬ ਪੋਰਟਲ’ ਸਦਕਾ ਇੱਕ ਸਾਲ ਵਿੱਚ 5000 ਤੋਂ ਵੱਧ ਫਸਟ ਇਨਫਾਰਮੇਸ਼ਨ ਰਿਪੋਰਟਾਂ (ਐਫ. ਆਈ. ਆਰ) ਦਰਜ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਵੱਲੋਂ ਅਗਸਤ 2024 ਵਿੱਚ ਨਸ਼ਾ ਤਸਕਰਾਂ ਅਤੇ ਨਸ਼ਾ ਹੌਟਸਪੌਟਸ ਬਾਰੇ ਜਨਤਕ ਜਾਣਕਾਰੀ ਅਤੇ ਸੁਝਾਅ ਇਕੱਠੇ ਕਰਨ ਲਈ ਲਾਂਚ ਕੀਤੇ ਗਏ ਇਸ ਵਟਸਐਪ ਚੈਟਬੋਟ ਨੇ 32 ਫੀਸਦੀ ਦੀ ਪ੍ਰਸ਼ੰਸਾਯੋਗ ਪਰਿਵਰਤਨ ਦਰ ਹਾਸਲ ਕੀਤੀ ਹੈ, ਜਿਸ ਨਾਲ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਨੂੰ ਠੋਸ ਪੁਲਿਸ ਕਾਰਵਾਈ ਵਿੱਚ ਬਦਲਿਆ ਗਿਆ ਹੈ ।

ਪੰਜਾਬ ਭਵਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਟਸਐਪ ਚੈਟਬੋਟ, ਜੋ 9779100200 ‘ਤੇ ਉਪਲਬਧ ਹੈ, ਨੂੰ ਮਿਲ ਰਹੇ ਭਰਵੇਂ ਜਨਤਕ ਹੁੰਗਾਰੇ ਨੇ ‘ਸੇਫ ਪੰਜਾਬ ਪੋਰਟਲ’ ਨੂੰ ਪੁਲਿਸ ਨਾਲ ਜਨਤਕ ਸਹਿਯੋਗ ਲਈ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਪੋਰਟਲਾਂ ਵਿੱਚੋਂ ਇੱਕ ਬਣਾ ਦਿੱਤਾ ਹੈ । ਉਨ੍ਹਾਂ ਅੱਗੇ ਕਿਹਾ ਕਿ ਇਹ ਪੋਰਟਲ ਖੁਫੀਆ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਅਤੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ, ਜੋ ਕਿ ਨਸ਼ਾ ਤਸਕਰੀ ਵਿਰੁੱਧ ਸੂਬੇ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਲਈ 1 ਮਾਰਚ, 2025 ਨੂੰ ਅਧਿਕਾਰਤ ਤੌਰ ‘ਤੇ ਸ਼ੁਰੂ ਕੀਤੀ ਗਈ ਸੀ, ਵਿੱਚ ਇੱਕ ਸ਼ਕਤੀਸ਼ਾਲੀ ਹਥਿਆਰ ਬਣ ਗਿਆ ਹੈ ।

“ਯੁੱਧ ਨਸ਼ਿਆਂ ਵਿਰੁੱਧ” (“War on Drugs”) ਮੁਹਿੰਮ ਦੀ ਸਫ਼ਲਤਾ ਬਾਰੇ ਹੋਰ ਵੇਰਵੇ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਐਨ. ਡੀ. ਪੀ. ਐਸ. ਐਕਟ ਤਹਿਤ ਕੁੱਲ 16,322 ਕੇਸ ਦਰਜ ਕੀਤੇ ਗਏ ਹਨ, ਜਿਸ ਤਹਿਤ 25,552 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ 182 ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਿਆ ਗਿਆ ਹੈ । ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ, ਜਿਸ ਵਿੱਚ 1,054 ਕਿਲੋ ਹੈਰੋਇਨ, 21,534 ਕਿਲੋ ਭੁੱਕੀ, 366 ਕਿਲੋ ਅਫ਼ੀਮ ਅਤੇ ਤਿੰਨ ਮਿਲੀਅਨ ਤੋਂ ਵੱਧ ਗੋਲੀਆਂ, ਕੈਪਸੂਲ ਅਤੇ ਨਸ਼ੀਲੀਆਂ ਦਵਾਈਆਂ ਸ਼ਾਮਲ ਹਨ ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਕਾਲੀ-ਭਾਜਪਾ ਗਠਜੋੜ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਉਨ੍ਹਾਂ ‘ਤੇ ਇੱਕ ਦਹਾਕੇ ਤੱਕ ਨਸ਼ਾ ਤਸਕਰੀ ਨੂੰ ਸਰਪ੍ਰਸਤੀ ਦੇਣ ਦਾ ਦੋਸ਼ ਲਗਾਇਆ ਅਤੇ ਸਾਲ 2017 ਤੋਂ 2022 ਦੌਰਾਨ ਨਸ਼ੇ ਦੀ ਸਮੱਸਿਆ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ । ਉਨ੍ਹਾਂ ਇਸ ਮੌਕੇ ‘ਆਮ ਆਦਮੀ ਪਾਰਟੀ’ (ਆਪ) ਦੀ ਸਰਕਾਰ ਵੱਲੋਂ ਸਤਾ ਵਿੱਚ ਆਉਣ ਦੇ ਆਪਣੇ ਪਹਿਲੇ ਦਿਨ ਤੋਂ ਹੀ ਇਸ ਕੋਹੜ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਮਿਸ਼ਨ ਦਾ ਜਿਕਰ ਕਰਦਿਆ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਰਾਹੀਂ ਇਸ ਨੂੰ ਸੂਬੇ ਵਿੱਚੋਂ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਜਨਤਕ ਤੌਰ ‘ਤੇ ਜਾਣੇ ਜਾਂਦੇ ਸਰਗਣਿਆਂ ਨੂੰ ਸਰਕਾਰ ਵੱਲੋਂ ਜੇਲ੍ਹ ਭੇਜਿਆ ਗਿਆ ਹੈ, ਅਤੇ ਜੋਗਾ ਸਿੰਘ ਦੀ ਹਾਲ ਹੀ ਵਿੱਚ ਹੋਈ ਗ੍ਰਿਫ਼ਤਾਰੀ ਨਾਲ ਨਸ਼ਾ ਨੈੱਟਵਰਕ ਦੇ ਹੋਰ ਪ੍ਰਮੁੱਖ ਵਿਅਕਤੀਆਂ ਨੂੰ ਫੜ੍ਹਨ ਵਿੱਚ ਮਦਦ ਮਿਲਣ ਦੀ ਉਮੀਦ ਹੈ ।

Read More : ਪੰਜਾਬ ਦੇ ਸ਼ਹਿਰਾਂ ਦੀਆਂ ਸੜਕਾਂ ਹੋਣਗੀਆਂ ਵਿਸ਼ਵ ਪੱਧਰੀ : ਹਰਪਾਲ ਸਿੰਘ ਚੀਮਾ

LEAVE A REPLY

Please enter your comment!
Please enter your name here