ਐਸ. ਏ. ਐਸ. ਨਗਰ (ਮੁਹਾਲੀ),ਚੰਡੀਗਡ਼੍ਹ 28 ਜੁਲਾਈ 2025 : ਵਰ੍ਹਦੇ ਮੀਂਹ ਦੀ ਪਰਵਾਹ ਨਾ ਕਰਦਿਆਂ ਭਾਰੀ ਟਰੈਫਿਕ ਦੇ ਬਾਵਜੂਦ ਅੱਜ ਹਜ਼ਾਰਾਂ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੇ ਅਕਾਲੀ ਦਲ (Akali Dal) ਵੱਲੋਂ ਅਰਵਿੰਦ ਕੇਜਰੀਵਾਲ ਦੀ ਜ਼ਮੀਨ ਹੜੱਪਣ ਦੀ ਸਕੀਮ ਵਿਰੁੱਧ ਇਥੇ ਦਿੱਤੇ ਗਏ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ ।
ਕਿਸੇ ਵੀ ਸ਼ਹਾਦਤ ਵਾਸਤੇ ਤਿਆਰ ਪਰ ਜ਼ਮੀਨ ਦਾ ਇਕ ਇੰਚ ਵੀ ਨਹੀਂ ਲੈਣ ਦਿਆਂਗੇ : ਸੁਖਬੀਰ ਸਿੰਘ ਬਾਦਲ
ਅੱਜ ਦੇ ਧਰਨੇ ਵਿਚ ਐਸ ਏ ਐਸ ਨਗਰ (ਮੁਹਾਲੀ), ਰੋਪੜ ਅਤੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਹੁਣ ਅਗਲਾ ਧਰਨਾ 4 ਅਗਸਤ ਨੂੰ ਬਠਿੰਡਾ ਵਿਚ ਦਿੱਤਾ ਜਾਵੇਗਾ । ਇਸ ਜ਼ਮੀਨ ਹੜੱਪਣ ਦੀ ਸਕੀਮ ਵਿਰੁੱਧ ਧਰਨੇ (Protests against land grabbing scheme) ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੇਖਿਆ ਕਿ ਹਜ਼ਾਰਾਂ ਪੀੜਤ ਲੋਕ ਲਗਾਤਾਰ ਗਮਾਡਾ ਦੇ ਮੁੱਖ ਦਫਤਰ ਦੇ ਸਾਹਮਣੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਨਿਰੰਤਰ ਆਉਂਦੇ ਰਹੇ । ਇਸ ਰੋਸ ਰੈਲੀ ਪ੍ਰਤੀ ਲੋਕਾਂ ਵੱਲੋਂ ਇੰਨਾ ਜ਼ਬਰਦਸਤ ਹੁੰਗਾਰਾ ਭਰਿਆ ਗਿਆ ਕਿ ਸ਼ਹਿਰ ਵਿਚ ਆਮ ਜਨ ਜੀਵਨ ਵੀ ਪ੍ਰਭਾਵਤ ਹੋਇਆ ਜਦੋਂ ਆਮ ਲੋਕ ਵੀ ਕਿਸਾਨਾਂ ਅਤੇ ਸਰਕਾਰ ਦੀ ਜ਼ਮੀਨ ਹੜੱਪਣ ਦੀ ਸਕੀਮ ਦੇ ਪੀੜਤਾਂ ਨਾਲ ਇਕਜੁੱਟਤਾ ਵਿਖਾਉਂਦਿਆਂ ਧਰਨੇ ਵਿਚ ਸ਼ਾਮਲ ਹੋ ਗਏ ।
ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੇ ਦਿੱਲੀ ਆਕਾਵਾਂ ਵੱਲੋਂ ਮਚਾਈ ਜ਼ਮੀਨ ਦੀ ਲੁੱਟ ਦਾ ਇਤਿਹਾਸ ਵਿਚ ਕੋਈ ਸਾਨੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਪਿੱਛੇ ਵਿਕਾਸ ਦਾ ਕੋਈ ਤਰਕ ਨਹੀਂ ਹੈ। ਉਹਨਾਂ ਕਿਹਾ ਕਿ ਮੁਹਾਲੀ ਵਿਚ ਐਰੋਟਰੋਪੋਲਿਕ ਪ੍ਰਾਜੈਕਟ ਲਈ ਐਕਵਾਇਰ ਕੀਤੀ 2000 ਏਕੜ ਜ਼ਮੀਨ ਹਾਲੇ ਤੱਕ ਵਰਤੋਂ ਵਿਚ ਨਹੀਂ ਲਿਆਂਦੀ ਗਈ ਜਦੋਂ ਕਿ ਸਰਕਾਰ 3535 ਏਕੜ ਜ਼ਮੀਨ ਹੋਰ ਐਕਵਾਇਰ ਕਰਨਾ ਚਾਹੁੰਦੀ ਹੈ ।
ਸਰਕਾਰ ਨੂੰ ਕਿਸਾਨਾਂ ਦੀ ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦੇਵੇਗੀ
ਅਕਾਲੀ ਦਲ ਦੇ ਪ੍ਰਧਾਨ (Akali Dal President) ਨੇ ਮੁੜ ਦੁਹਰਾਇਆ ਕਿ ਉਹਨਾਂ ਦੀ ਪਾਰਟੀ ਸਰਕਾਰ ਨੂੰ ਕਿਸਾਨਾਂ ਦੀ ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦੇਵੇਗੀ। ਉਹਨਾਂ ਕਿਹਾ ਕਿ ਮੈਂ ਕੋਈ ਵੀ ਸ਼ਹਾਦਤ ਦੇਣ ਵਾਸਤੇ ਤਿਆਰ ਹਾਂ ਪਰ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਸਰਕਾਰ ਨੂੰ ਇਕ ਇੰਚ ਵੀ ਜ਼ਮੀਨ ਨਹੀਂ ਲੈਣ ਦਿੱਤੀ ਜਾਵੇਗੀ । ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਚੇਂਜ ਆਫ ਲੈਂਡ ਯੂਜ਼ (ਸੀ ਐਲ ਯੂ) ਦਾ ਮੌਲਿਕ ਅਧਿਕਾਰ ਕਿਸਾਨਾਂ ਤੋਂ ਖੋਹ ਲਿਆ ਹੈ ਤੇ ਉਹਨਾਂ ਇਲਾਕਿਆਂ ਵਿਚ ਵੀ ਅਜਿਹਾ ਕੀਤਾ ਜਾ ਰਿਹਾ ਹੈ ਜਿਥੇ ਜ਼ਮੀਨ ਹਾਲੇ ਐਕਵਾਇਰ ਹੀ ਨਹੀਂ ਹੋਈ ਪਰ ਸਰਕਾਰ ਲਾਲਸਾ ਰੱਖਦੀ ਹੈ ।
ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ਅਜਿਹੇ ਅਧਿਕਾਰ ਤੋਂ ਵਾਂਝੇ ਕਰਨ ਦੀ ਅਜਿਹੀ ਕੋਈ ਉਦਾਹਰਣ ਪਹਿਲਾਂ ਵੇਖਣ ਨੂੰ ਨਹੀਂ ਮਿਲੀ
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ਅਜਿਹੇ ਅਧਿਕਾਰ ਤੋਂ ਵਾਂਝੇ ਕਰਨ ਦੀ ਅਜਿਹੀ ਕੋਈ ਉਦਾਹਰਣ ਪਹਿਲਾਂ ਵੇਖਣ ਨੂੰ ਨਹੀਂ ਮਿਲੀ । ਉਹਨਾਂ ਕਿਹਾ ਕਿ ਇਹਨਾਂ ਇਲਾਕਿਆਂ ਵਿਚ ਸੀ ਐਲ ਯੂ ’ਤੇ ਪਾਬੰਦੀ ਲਗਾਉਣ ਦੇ ਤਹਿਸੀਲਦਾਰਾਂ ਨੇ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਹਨ। ਸਰਦਾਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਦੀ ਤਾਨਾਸ਼ਾਹੀ ਨਾਲ ਜ਼ਮੀਨ ਹੜੱਪ ਕਰਨ ਦੀ ਪਹੁੰਚ ਦੇ ਉਲਟ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰ ਕੇ ਤੇ ਉਹਨਾਂ ਦੀ ਸਹਿਮਤੀ ਨਾਲ ਇਕ ਕਮੇਟੀ ਰਾਹੀਂ ਨੀਤੀ ਲਾਗੂ ਕੀਤੀ ਸੀ । ਕਮੇਟੀ ਵਿਚ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੀ ਮਾਰਕੀਟ ਕੀਮਤ ਤੈਅ ਕਰਨ ਵਾਸਤੇ ਸਥਾਨਕ ਸਰਪੰਚ ਨੂੰ ਵੀ ਸ਼ਾਮਲ ਕੀਤਾ ਜਾਂਦਾ ਸੀ ।
ਕਿਸਾਨਾਂ ਨੂੰ ਜ਼ਮੀਨ ਦੀ ਮੌਜੂਦਾ ਕੀਮਤ ਦਾ 400 ਫੀਸਦੀ ਭਾਅ ਮਿਲੇ
ਉਹਨਾਂ ਕਿਹਾ ਕਿ ਅਸੀਂ ਯਕੀਨੀ ਬਣਾਇਆ ਕਿ ਕਿਸਾਨਾਂ ਨੂੰ ਜ਼ਮੀਨ ਦੀ ਮੌਜੂਦਾ ਕੀਮਤ ਦਾ 400 ਫੀਸਦੀ ਭਾਅ ਮਿਲੇ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਜ਼ਮੀਨ ਐਕਵਾਇਰ ਕਰਨ ਵਾਸਤੇ ਕਿਸਾਨਾਂ ਜਾਂ ਜ਼ਮੀਨ ਮਾਲਕਾਂ ਦੀ ਸਹਿਮਤੀ ਲਾਜ਼ਮੀ ਕਰਾਰ ਦਿੱਤੀ ਜਾਂਦੀ ਸੀ। ਉਹਨਾਂ ਕਿਹਾ ਕਿ ਕਿਸਾਨ ਅਤੇ ਸਮਾਜ ਦੇ ਹੋਰ ਪ੍ਰਭਾਵਤ ਵਰਗ ਅੱਜ ਹਰ ਸਰਕਾਰੀ ਨੀਤੀ ਵਿਚ ਸਰਦਾਰ ਬਾਦਲ ਦੀ ਹਮਦਰਦੀ ਵਾਲੀ ਪਹੁੰਚ ਦੀ ਘਾਟ ਮਹਿਸੂਸ ਕਰਦੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਉਹਨਾਂ ਨੂੰ ਸੂਬੇ ਵਿਚ ਹਰ ਪ੍ਰਭਾਵਤ ਖੇਤਰ ਤੋਂ ਜ਼ਮੀਨ ਮਾਲਕਾਂ ਵੱਲੋਂ ਕੇਜਰੀਵਾਲ ਦੀ ਜ਼ਮੀਨ ਹੜੱਪ ਕਰਨ ਦੀ ਨੀਤੀ ਖਿਲਾਫ ਮਤੇ ਪ੍ਰਾਪਤ ਹੋ ਰਹੇ ਹਨ ।
ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਐਨ ਕੇ ਸ਼ਰਮਾ, ਹੀਰਾ ਸਿੰਘ ਗਾਬੜੀਆ, ਪਰਮਿੰਦਰ ਸਿੰਘ ਸੋਹਾਣਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ, ਸੋਹਣ ਸਿੰਘ ਠੰਢਲ, ਦਰਬਾਰਾ ਸਿੰਘ ਗੁਰੂ, ਅਰਸ਼ਸਦੀਪ ਸਿੰਘ ਕਲੇਰ, ਰਣਬੀਰ ਸਿੰਘ ਐਸ. ਓ. ਆਈ., ਗੁਲਜ਼ਾਰੀ ਮੂਣਕ, ਕੁਲਦੀਪ ਕੌਰ ਕੰਗ, ਚਰਨਜੀਤ ਸਿੰਘ ਕਾਲੇਵਾਲ, ਬਲਜੀਤ ਸਿੰਘ ਭੁੱਟਾ, ਰਵਿੰਦਰ ਖੇੜਾ ਅਤੇ ਜਸਬੀਰ ਕੌਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ।
Read More : ਅਕਾਲੀ ਦਲ ਨੇ ਫੜਾਏ ਨੌਜਵਾਨਾਂ ਦੇ ਹੱਥਾਂ `ਚ ਰੁਜ਼ਗਾਰ ਦੀ ਥਾਂ ਟੀਕੇ : ਚੀਮਾ