ਪਟਿਆਲਾ, 26 ਜੁਲਾਈ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਅੱਜ ਇੱਥੇ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦਾ ਅਚਨਚੇਤ ਦੌਰਾ ਕਰਕੇ ਇੱਥੇ ਅੰਦਰੂਨੀ ਤੇ ਬਾਹਰੀ ਸੁਰੱਖਿਆ ਪ੍ਰਬੰਧਾਂ, ਸਰੋਵਰ ਦੀ ਪਾਈਪਲਾਈਨ ਦੇ ਕਾਰਜਾਂ ਅਤੇ ਸਫ਼ਾਈ ਸਮੇਤ ਸ਼ਰਧਾਲੂਆਂ ਦੀ ਸਹੂਲਤ ਲਈ ਹੋਰ ਪ੍ਰਬੰਧਾਂ ਦਾ ਨਿਰੀਖਣ ਕੀਤਾ ।
ਮੰਦਿਰ ‘ਚ ਚੱਲਦੇ ਵਿਕਾਸ ਕਾਰਜਾਂ ਕਰਕੇ ਸ਼ਰਧਾਲੂਆਂ ਨੂੰ ਨਹੀਂ ਆਵੇਗੀ ਕੋਈ ਪ੍ਰੇਸ਼ਾਨੀ
ਉਨ੍ਹਾਂ ਕਿਹਾ ਕਿ ਮੰਦਿਰ ਦੀ ਕਾਇਆਂ ਕਲਪ (The history of the temple) ਕਰਕੇ ਇਸਦੇ ਚੌਗਿਰਦੇ ਨੂੰ ਸੰਵਾਰਨਦੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਪਰੰਤੂ ਇਨ੍ਹਾਂ ਕਾਰਜਾਂ ਕਰਕੇ ਕਿਸੇ ਸ਼ਰਧਾਲੂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੰਦਿਰ ਵਿੱਚ ਸ਼ਰਧਾਲੂਆਂ ਵੱਲੋਂ ਸਫ਼ਾਈ ਤੇ ਜੇਬ ਕਤਰਿਆਂ ਬਾਰੇ ਕੁਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਲਈ ਉਨ੍ਹਾਂ ਨੇ ਬਾਹਰੀ ਸੁਰੱਖਿਆ ਲਈ ਇੱਥੇ ਤਾਇਨਾਤ ਪੁਲਿਸ ਅਤੇ ਅੰਦਰੂਨੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਉਨ੍ਹਾਂ ਨੇ ਸੁਰੱਖਿਆ ਕਰਮੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਮੰਦਿਰ ਦੀ ਸੁਰੱਖਿਆ ਤੇ ਸ਼ਰਧਾਲੂਆਂ ਨੂੰ ਸੁਖਾਵਾਂ ਮਾਹੌਲ ਪ੍ਰਦਾਨ ਕਰਨ ਲਈ ਚੱਪੇ-ਚੱਪੇ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ ।
ਮੰਦਿਰ ਦੇ ਸੀਵਰੇਜ ਦਾ ਟੈਂਡਰ ਵੀ ਲੱਗਿਆ : ਡਾ. ਪ੍ਰੀਤੀ ਯਾਦਵ
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੰਦਿਰ ਦੇ ਪਵਿੱਤਰ ਸਰੋਵਰ (The holy pond of the temple) ਵਿੱਚ ਤਾਜਾ ਜਲ ਭਰਨ ਲਈ ਡਰੇਨੇਜ ਵਿਭਾਗ ਵੱਲੋਂ ਪਾਈ ਜਾ ਰਹੀ ਪਾਈਪਲਾਈਨ ਦਾ ਕੰਮ ਦਾ ਵੀ ਉਨ੍ਹਾਂ ਨੇ ਨਿਰੀਖਣ ਕੀਤਾ ਹੈ, ਜਿਸ ਦਾ ਕੰਮ ਇੱਕ ਮਹੀਨੇ ‘ਚ ਨਿਪਟਾ ਕੇ ਜਲ ਭਰਨ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਮੰਦਿਰ ਦੇ ਸੀਵਰੇਜ ਲਈ ਨਵੀਂ ਲਾਈਨ ਪਾਉਣ ਸਬੰਧੀ ਟੈਂਡਰ ਲੱਗ ਚੁੱਕਾ ਹੈ ਤੇ ਇਸ ਦਾ ਕੰਮ ਵੀ ਜਲਦੀ ਨੇਪਰੇ ਚੜ੍ਹਾਇਆ ਜਾਵੇਗਾ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਮੁਢਲੇ ਕਾਰਜ ਨਿਪਟਾ ਕੇ ਮੰਦਿਰ ਦੇ ਚੌਗਿਰਦੇ ਦੀ ਸੁੰਦਰਤਾ ਤੇ ਹੋਰ ਵਿਕਾਸ ਕਾਰਜਾਂ ਨੂੰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮੰਦਿਰ ਦੇ ਚੱਲ ਰਹੇ ਵਿਕਾਸ ਕਾਰਜਾਂ ਕਰਕੇ ਕਿਸੇ ਸ਼ਰਧਾਲੂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਇਸ ਮੌਕੇ ਏ. ਡੀ. ਸੀਜ. ਇਸ਼ਾ ਸਿੰਗਲ, ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਮੇਜਰ (ਰਿਟਾ) ਹਰਜੋਤ ਕੌਰ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੇ ਐਸ. ਡੀ. ਓ. ਰਕਵਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ ।
Read More : ਡਿਪਟੀ ਕਮਿਸ਼ਨਰ ਵੱਲੋਂ ਦਿਹਾਤੀ ਖੇਤਰਾਂ ‘ਚ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ