ਪਟਿਆਲਾ, 26 ਜੁਲਾਈ 2025 : ਪਟਿਆਲਾ ਜ਼ਿਲ੍ਹੇ ਵਿੱਚ ਬਾਲ ਭਿੱਖਿਆ (Child begging) ਦੇ ਖਾਤਮੇ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅੱਜ ਖ਼ੁਦ ਸੜਕਾਂ ‘ਤੇ ਉਤਰੇ ਅਤੇ ਵੱਖ-ਵੱਖ ਚੌਂਕਾਂ ਸਮੇਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੇ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦੇ ਬਾਹਰ ਜਾਇਜ਼ਾ ਲਿਆ ।
ਬਾਲ ਭਿੱਖਿਆ ਤੋਂ ਬਚਾਏ ਬੱਚਿਆਂ ਦੇ ਪੁਨਰ ਵਸੇਬੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ : ਡਾ. ਪ੍ਰੀਤੀ ਯਾਦਵ
ਇਸ ਮੌਕੇ 21 ਨੰਬਰ ਫਾਟਕ ਦੇ ਪੁੱਲ ਤੋਂ ਪਹਿਲਾਂ ਲਹਿਲ ਚੌਂਕ ਵਿੱਚ ਅਜਿਹੇ ਦੋ ਬੱਚੇ ਮਿਲੇ, ਜਿਨ੍ਹਾਂ ਦੇ ਨਾਲ ਦੇ ਦਿਵਿਆਂਗ ਵਿਅਕਤੀ ਨੇ ਦੱਸਿਆ ਕਿ ਉਸਦੇ ਤਿੰਨ ਬੱਚੇ ਹਨ ਤੇ ਇਨ੍ਹਾਂ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਪਰੰਤੂ ਉਹ ਆਪਣੇ ਬੱਚਿਆਂ ਤੋਂ ਭੀਖ ਨਹੀਂ ਮੰਗਵਾਉਂਦਾ । ਇਸ ‘ਤੇ ਡਿਪਟੀ ਕਮਿਸ਼ਨਰ ਨੇ ਇਸ ਵਿਅਕਤੀ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਤੇ ਇਸ ਦੇ ਮੁੜ ਵਸੇਬੇ ਲਈ ਸਬੰਧਤ ਵਿਭਾਗ ਨੂੰ ਤੁਰੰਤ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ। ਜਦੋਂਕਿ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਦੋ ਬੱਚੇ ਬੰਸਰੀਆਂ ਵੇਚਦੇ ਪਾਏ ਗਏ, ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਬੱਚਿਆਂ ਨਾਲ ਗੱਲ ਕਰਕੇ ਇਨ੍ਹਾਂ ਦੀ ਪੜ੍ਹਾਈ ਤੇ ਇਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ।
ਮਾਂ ਤੋਂ ਵਿਰਵੇ ਦੋ ਛੋਟੇ ਬੱਚਿਆਂ ਦੇ ਦਿਵਿਆਂਗ ਪਿਤਾ ਲਈ ਰੋਜ਼ਗਾਰ ਦਾ ਪ੍ਰਬੰਧ ਕਰਨ ਤੇ ਬੰਸਰੀਆਂ ਵੇਚਦੇ ਦੋ ਬੱਚਿਆਂ ਦੀ ਪੜ੍ਹਾਈ ਤੇ ਹੁਨਰ ਵਿਕਾਸ ਲਈ ਤੁਰੰਤ ਦਿੱਤੇ ਨਿਰਦੇਸ਼
ਡਿਪਟੀ ਕਮਿਸ਼ਨਰ ਨੇ ਚੌਂਕਾਂ ਵਿਖੇ ਤਾਇਨਾਤ ਪੀ. ਸੀ. ਆਰ. ਅਤੇ ਟ੍ਰੈਫਿਕ ਪੁਲਿਸ ਟੀਮਾਂ ਨੂੰ ਵੀ ਹਦਾਇਤ ਕੀਤੀ ਕਿ ਜਦੋਂ ਵੀ ਕੋਈ ਬੱਚਾ ਖ਼ੁਦ ਭੀਖ ਮੰਗਦਾ ਨਜ਼ਰ ਆਉਂਦਾ ਹੈ ਜਾਂ ਕੋਈ ਸ਼ੱਕੀ ਵਿਅਕਤੀ ਉਸ ਤੋਂ ਭੀਖ ਮੰਗਵਾ ਰਿਹਾ ਦਿੱਸੇ ਤਾਂ ਤੁਰੰਤ ਇਸ ਨੂੰ ਰੋਕਿਆ ਜਾਵੇ ਅਤੇ ਅਜਿਹੇ ਬੱਚਿਆਂ ਦੀ ਸੂਚਨਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਦੇ ਮੋਬਾਇਲ ਨੰਬਰ 9646006027, ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਦੇ ਫੋਨ ਨੰਬਰ 7087409494 ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (District Child Protection Unit) ਦੇ ਚਾਈਲਡ ਕੇਅਰ ਨੰਬਰ 1098 ‘ਤੇ ਕਾਲ ਕਰਕੇ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਚੌਂਕ ਵਿੱਚ ਕੋਈ ਬੱਚਾ ਭੀਖ ਮੰਗਦਾ ਪਾਇਆ ਗਿਆ ਤਾਂ ਸਬੰਧਤ ਚੌਂਕਾਂ ਵਿੱਚ ਤਾਇਨਾਤ ਮੁਲਾਜਮ ਜ਼ਿੰਮੇਵਾਰ ਹੋਣਗੇ ।
ਬਾਲਾਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਭੀਖ ਮੁਕਤ ਕਰਨ ਲਈ ਚਲਾਈ ਮੁਹਿੰਮ ਤੇ ਪ੍ਰਾਜੈਕਟ ਜੀਵਨਜੋਤ 2.0 ਤਹਿਤ ਜਿੱਥੇ ਪੂਰੇ ਜ਼ਿਲ੍ਹੇ ਭਰ ਵਿੱਚ ਛਾਪਾਮਾਰੀ ਕੀਤੀ ਜਾ ਰਹੀ ਹੈ, ਉਥੇ ਹੀ ਬੱਚਿਆਂ ਦੀ ਤਸਕਰੀ ਨੂੰ ਰੋਕਣ ਲਈ ਭੀਖ ਮੰਗਦੇ ਫੜੇ ਗਏ ਸ਼ੱਕੀ ਬੱਚਿਆਂ (Suspicious children caught begging) ਦੇ ਡੀ. ਐਨ. ਏ. ਟੈਸਟ ਕਰਨ ਲਈ ਵੀ ਪੂਰੀ ਤਿਆਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਬਾਲ ਭਿੱਖਿਆ ਇੱਕ ਭਿਆਨਕ ਸਮੱਸਿਆ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਬੱਚਿਆਂ ਦੇ ਪੁਨਰ ਵਸੇਬੇ ਲਈ ਵੀ ਪੂਰੀ ਤਰ੍ਹਾਂ ਯਤਨਸ਼ੀਲ ਹੈ ।
ਬਾਲ ਭਿੱਖਿਆ ਦੇ ਖਾਤਮੇ ਲਈ ਸਾਂਝੇ ਯਤਨਾਂ ਦੀ ਲੋੜ ਹੈ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਲ ਭਿੱਖਿਆ ਦੇ ਖਾਤਮੇ ਲਈ ਸਾਂਝੇ ਯਤਨਾਂ ਦੀ ਲੋੜ ਹੈ, ਇਸ ਲਈ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਕਿਸੇ ਵੀ ਬੱਚੇ ਨੂੰ ਭੀਖ ਨਾ ਦੇਣ ਸਗੋਂ ਜੇਕਰ ਕਿਤੇ ਅਜਿਹੇ ਬੱਚੇ ਭੀਖ ਮੰਗਦੇ ਨਜ਼ਰ ਆਉਣ ਤਾਂ ਚਾਈਲਡ ਹੈਲਪ ਲਾਈਨ 1098 ‘ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਅਜਿਹੇ ਬੱਚਿਆਂ ਨੂੰ ਤੁਰੰਤ ਸੁਰੱਖਿਆ, ਸੰਭਾਲ ਅਤੇ ਸੁਚੱਜਾ ਭਵਿੱਖ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣ। ਜਦੋਂਕਿ ਬੱਚਿਆਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ ਅਤੇ ਅਜਿਹੇ ਅਨਸਰਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਸ ਦੌਰਾਨ ਏ. ਡੀ. ਸੀਜ ਇਸ਼ਾ ਸਿੰਗਲ ਤੇ ਨਵਰੀਤ ਕੌਰ ਸੇਖੋਂ, ਐਸ. ਡੀ. ਐਮ ਮੇਜਰ (ਰਿਟਾ.) ਹਰਜੋਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ, ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਕੌਰ, ਪੁਲਿਸ ਇੰਸਪੈਕਟਰ ਗਗਨਦੀਪ ਸਿੰਘ ਤੇ ਮਨਪ੍ਰੀਤ ਕੌਰ ਤੂਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ ।
Read More : ਸ਼ਹਿਰ ‘ਚ ਕੋਈ ਬੱਚਾ ਭੀਖ ਮੰਗਦਾ ਸਾਹਮਣੇ ਨਹੀਂ ਆਇਆ : ਡਾ. ਪ੍ਰੀਤੀ ਯਾਦਵ