ਮੱਧ ਪੂਰਬ ਵਿੱਚ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਿਹਾ ਟਕਰਾਅ ਹਰ ਬੀਤਦੇ ਦਿਨ ਦੇ ਨਾਲ ਹੋਰ ਭਿਆਨਕ ਹੁੰਦਾ ਜਾ ਰਿਹਾ ਹੈ। ਹੁਣ ਅਮਰੀਕਾ ਵੀ ਈਰਾਨ ਵਿਰੁੱਧ ਹਮਲਿਆਂ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਤਿੰਨ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਟਰੰਪ ਨੇ ਈਰਾਨ ਦੇ ਫੋਰਡੋ, ਨਤਾਨਜ਼ ਅਤੇ ਇਸਫਾਹਨ ਪ੍ਰਮਾਣੂ ਸਥਾਨਾਂ ‘ਤੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਰਾਤ 10 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ‘ਤੇ ਲਿਖਿਆ ਕਿ “ਅਸੀਂ ਤਿੰਨ ਈਰਾਨੀ ਪ੍ਰਮਾਣੂ ਸਥਾਨਾਂ ‘ਤੇ ਬਹੁਤ ਸਫਲ ਹਮਲਾ ਕੀਤਾ ਹੈ, ਜਿਨ੍ਹਾਂ ਵਿੱਚ ਫੋਰਡੋ, ਨਤਾਨਜ਼ ਅਤੇ ਇਸਫਾਹਨ ਸ਼ਾਮਲ ਹਨ। ਸਾਰੇ ਜਹਾਜ਼ ਹੁਣ ਈਰਾਨ ਦੇ ਹਵਾਈ ਖੇਤਰ ਤੋਂ ਬਾਹਰ ਹਨ। ਫੋਰਡੌ ‘ਤੇ ਬੰਬਾਂ ਦਾ ਪੂਰਾ ਪੇਲੋਡ ਸੁੱਟਿਆ ਗਿਆ। ਸਾਰੇ ਜਹਾਜ਼ ਸੁਰੱਖਿਅਤ ਆਪਣੇ ਘਰ ਜਾ ਰਹੇ ਹਨ। ਸਾਡੇ ਮਹਾਨ ਅਮਰੀਕੀ ਯੋਧਿਆਂ ਨੂੰ ਵਧਾਈਆਂ। ਦੁਨੀਆ ਵਿੱਚ ਕੋਈ ਹੋਰ ਫੌਜ ਨਹੀਂ ਹੈ ਜੋ ਇਹ ਕਰ ਸਕਦੀ ਸੀ। ਹੁਣ ਸ਼ਾਂਤੀ ਦਾ ਸਮਾਂ ਹੈ! ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ।”