ਓਐਲਐਕਸ ਰੈਂਟਲ ਫ਼ਰਾਡ ਦਾ ਪਰਦਾਫਾਸ਼; 23 ਪੀੜਤਾਂ ਨਾਲ 5 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਗ੍ਰਿਫ਼ਤਾਰ

0
48
SI of STF arrested in Ludhiana on the charge of letting drug smugglers take bribe
Close-up. Arrested man handcuffed hands at the back

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਸਾਈਬਰ ਅਪਰਾਧ ਵਿਰੁੱਧ ਅਹਿਮ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੇ ਰਾਜ ਸਾਈਬਰ ਅਪਰਾਧ ਪੁਲਿਸ ਸਟੇਸ਼ਨ ਨੇ ਓਐਲਐਕਸ ਰੈਂਟਲ ਫਰਾਡ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁਲਜ਼ਮ , ਜਿਸਦੀ ਪਛਾਣ ਮੋਹਾਲੀ ਦੇ ਖਰੜ ਵਿੱਚ ਰਹਿਣ ਵਾਲੇ ਪਰਮਜੀਤ ਸਿੰਘ ਵਜੋਂ ਹੋਈ ਹੈ, ਨੂੰ ਇੰਸਪੈਕਟਰ ਦਲਜੀਤ ਸਿੰਘ ਨੇ, ਭਾਰਤੀ ਗ੍ਰਹਿ ਮੰਤਰਾਲੇ ਦੇ ਸਾਈਬਰ ਅਪਰਾਧ ਤਾਲਮੇਲ ਕੇਂਦਰ (ਆਈ4ਸੀ) ਦੇ ਪ੍ਰਤੀਬਿੰਬ ਪੋਰਟਲ ’ਤੇ ਰਿਪੋਰਟ ਕੀਤੇ ਗਏ ਸਾਈਬਰ ਧੋਖਾਧੜੀ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਓਐਲਐਕਸ ’ਤੇ ਜਾਅਲੀ ਕਿਰਾਇਆ ਇਸ਼ਤਿਹਾਰਾਂ ਰਾਹੀਂ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਆਦਿ ਰਾਜਾਂ ਨਾਲ ਸਬੰਧਤ ਘੱਟੋ-ਘੱਟ 23 ਪੀੜਤਾਂ ਨਾਲ ਲਗਭਗ 5 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਮੁਲਜ਼ਮ ਵਿਅਕਤੀ ਵੱਲੋਂ ਠੱਗੀ ਲਈ ਅਪਣਾਏ ਗਏ ਢੰਗ-ਤਰੀਕੇ ਬਾਰੇ ਦੱਸਦਿਆਂ , ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸਾਈਬਰ ਅਪਰਾਧ ਵੀ. ਨੀਰਜਾ ਨੇ ਕਿਹਾ ਕਿ ਮੁਲਜ਼ਮ ਪਰਮਜੀਤ ਸਿੰਘ ਧੋਖਾਧੜੀ ਕਰਨ ਲਈ ਓਐਲਐਕਸ ’ਤੇ ਫਰਜ਼ੀ ਜਾਇਦਾਦ ਇਸ਼ਤਿਹਾਰ ਪੋਸਟ ਕਰਦਾ ਸੀ, ਪੀੜਤਾਂ ਨੂੰ ਆਕਰਸ਼ਕ ਤੇ ਵੱਡੇ ਮੁਨਾਫ਼ਿਆਂ ਦਾ ਲਾਲਚ ਦਿੰਦਾ ਸੀ।

ਏਡੀਜੀਪੀ ਨੇ ਕਿਹਾ ,‘‘ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਲਈ ਉਹ (ਦੋਸ਼ੀ), ਜਾਇਦਾਦ ਦੇ ਜਾਅਲੀ ਦਸਤਾਵੇਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਸੀ। ਜਦੋਂ ਪੀੜਤ ਉਸਦੇ ਝਾਂਸੇ ਵਿੱਚ ਆ ਕੇ ਜਾਇਦਾਦ ਕਿਰਾਏ ’ਤੇ ਲੈਣ ਲਈ ਸਹਿਮਤ ਹੋ ਜਾਂਦੇ ਤਾਂ ਮੁਲਜ਼ਮ ਉਨ੍ਹਾਂ ਨੂੰ ਯੂਪੀਆਈ ਜਾਂ ਬੈਂਕ ਟਰਾਂਸਫਰ ਰਾਹੀਂ ਪੇਸ਼ਗੀ ਕਿਰਾਇਆ, ਸੈਕਿਉਰਿਟੀ ਦੀ ਰਕਮ, ਜਾਂ ਰਜਿਸਟਰੇਸ਼ਨ ਫੀਸ ਵਜੋਂ ਪੈਸੇ ਟਰਾਂਸਫਰ ਕਰਨ ਲਈ ਰਾਜ਼ੀ ਕਰ ਲੈਂਦਾ ,’’। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਭੁਗਤਾਨ ਹੋ ਜਾਂਦਾ ਤਾਂ ਦੋਸ਼ੀ ਉਨ੍ਹਾਂ ਨਾਲ ਰਾਬਤਾ ਬੰਦ ਕਰ ਦਿੰਦਾ ਸੀ।

ਏਡੀਜੀਪੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਰਮਜੀਤ , ਗਾਹਕਾਂ ਤੋਂ ਆਪਣੇ ਵੱਖ-ਵੱਖ ਬੈਂਕ ਖਾਤਿਆਂ – ਐਕਸਿਸ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਯੈੱਸ ਬੈਂਕ ਅਤੇ ਐਚਡੀਐਫਸੀ ਬੈਂਕ – ਵਿੱਚ ਯੂਪੀਆਈ ਅਤੇ ਭੁਗਤਾਨ ਦੇ ਹੋਰ ਔਨਲਾਈਨ ਤਰੀਕਿਆਂ ਰਾਹੀਂ ਪੈਸੇ ਟਰਾਂਸਫਰ ਕਰਾਉਂਦਾ ਸੀ। ਇਸ ਸਬੰਧੀ ਹੋਰ ਵੇਰਵਿਆਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਪੰਜਾਬ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਖੇ ਬੀਐਨਐਸ ਦੀ ਧਾਰਾ 316(2) ਅਤੇ 318(4) ਅਤੇ ਆਈਟੀ ਐਕਟ ਦੀ ਧਾਰਾ 66ਡੀ ਅਧੀਨ ਐਫਆਈਆਰ ਨੰਬਰ 07 ਮਿਤੀ 10.06.2025 ਨੂੰ ਕੇਸ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਏਡੀਜੀਪੀ ਸਾਈਬਰ ਕ੍ਰਾਈਮ ਵੀ ਨੀਰਜਾ ਨੇ ਜਨਤਾ ਨੂੰ ਓਐਲਐਕਸ ਪਲੇਟਫਾਰਮ ’ਤੇ ਉਪਲਬਧ ਇਸ਼ਤਿਹਾਰਾਂ ਤੋਂ ਸਾਵਧਾਨ ਰਹਿਣ ਅਤੇ ਕੋਈ ਵੀ ਪੇਸ਼ਗੀ ਭੁਗਤਾਨ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਕੋਈ ਵੀ ਸੌਦਾ ਕਰਨ ਤੋਂ ਪਹਿਲਾਂ ਇਸ਼ਤਿਹਾਰ ਦੀ ਪੁਸ਼ਟੀ ਕਰਨਾ ਮਹੱਤਵਪੂਰਨ ਤੇ ਅਤਿ ਜ਼ੁਰੂਰੀ ਹੈ। ਧੋਖਾਧੜੀ ਦੀ ਸਥਿਤੀ ਵਿੱਚ, ਪੀੜਤ ਨੂੰ ਸਾਈਬਰ ਧੋਖਾਧੜੀ ਦੀ ਰਿਪੋਰਟ ਕਰਨ ਲਈ ਤੁਰੰਤ ਹੈਲਪਲਾਈਨ 1930 ’ਤੇ ਕਾਲ ਕਰਨੀ ਚਾਹੀਦੀ ਹੈ ਜਾਂ cybercrime.gov.in ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸਾਈਬਰ ਧੋਖਾਧੜੀ ਨਾਲ ਸਬੰਧਤ ਹੋਰ ਜਾਣਕਾਰੀ ਲਈ, cybercrime.punjabpolice.gov.in ’ਤੇ ’ਸਾਇਬਰ ਮਿੱਤਰ’ ਚੈਟਬੋਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here