ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ 2’ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ‘ਕੇਸਰੀ 2’ ਦੇ ਨਿਰਮਾਤਾਵਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ‘ਤੇ ਫਿਲਮ ਦੇ ਤੱਥਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦਾ ਕਹਿਣਾ ਹੈ ਕਿ ‘ਕੇਸਰੀ 2’ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਰਾਜ ਦੇ ਯੋਗਦਾਨ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦੀ ਹੈ। ਜਿਸ ਕਾਰਨ ਫਿਲਮ ਦੇ 7 ਨਿਰਮਾਤਾਵਾਂ ਵਿਰੁੱਧ ਭਾਰਤੀ ਦੰਡ ਸੰਹਿਤਾ ਦੀਆਂ ਕਈ ਧਾਰਾਵਾਂ ਤਹਿਤ ਵਿਧਾਨਨਗਰ ਦੱਖਣੀ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਦੋਸ਼ ਲਗਾਇਆ ਹੈ ਕਿ ਅਕਸ਼ੈ ਕੁਮਾਰ ਦੀ ‘ਕੇਸਰੀ 2’ ‘ਚ ਬੰਗਾਲ ਦੇ ਮੁੱਖ ਆਜ਼ਾਦੀ ਘੁਲਾਟੀਆਂ, ਖਾਸ ਕਰਕੇ ਕ੍ਰਾਂਤੀਕਾਰੀਆਂ ਖੁਦੀਰਾਮ ਬੋਸ ਅਤੇ ਬਰਿੰਦਰ ਕੁਮਾਰ ਘੋਸ਼ ਦੀ ਤਸਵੀਰ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਮ ਵਿੱਚ ਖੁਦੀਰਾਮ ਬੋਸ ਨੂੰ ਖੁਦੀਰਾਮ ਸਿੰਘ ਦੇ ਰੂਪ ਵਿੱਚ ਦਿਖਾਇਆ ਗਿਆ ਹੈ।
ਇੰਨਾ ਹੀ ਨਹੀਂ, ‘ਬਰਿੰਦਰ ਕੁਮਾਰ ਘੋਸ਼’ ਨੂੰ ਅੰਮ੍ਰਿਤਸਰ ਦੇ ‘ਬੀਰੇਂਦਰ ਕੁਮਾਰ’ ਵਜੋਂ ਦਿਖਾਇਆ ਗਿਆ ਹੈ। ਟੀਐਮਸੀ ਆਗੂ ਕੁਨਾਲ ਘੋਸ਼ ਅਤੇ ਅਰੂਪ ਚੱਕਰਵਰਤੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਗਲਤੀ ਨਹੀਂ, ਸਗੋਂ ਬੰਗਾਲ ਦੀ ਆਜ਼ਾਦੀ ਸੰਗਰਾਮ ਵਿੱਚ ਭੂਮਿਕਾ ਨੂੰ ਮਿਟਾਉਣ ਦੀ ਸਾਜ਼ਿਸ਼ ਹੈ।