ਅਹਿਮਦਾਬਾਦ ਜਹਾਜ਼ ਹਾਦਸਾ: ਹੁਣ ਤੱਕ 265 ਲੋਕਾਂ ਦੀ ਮੌਤ, PM ਮੋਦੀ ਅੱਜ ਘਟਨਾ ਵਾਲੀ ਥਾਂ ਦਾ ਕਰਨਗੇ ਦੌਰਾ

0
129

ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਲਈ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਏਅਰ ਇੰਡੀਆ ਦੀ ਫਲਾਈਟ AI-171 ਬੀਤੇ ਕੱਲ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਈ। ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 12 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ।ਪੁਲਿਸ ਕਮਿਸ਼ਨਰ ਵਿਧੀ ਚੌਧਰੀ ਨੇ ਦੱਸਿਆ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ 265 ਤੱਕ ਪਹੁੰਚ ਗਈ ਹੈ। ਬਚਾਅ ਟੀਮ ਨੂੰ ਮੌਕੇ ਤੋਂ ਜਹਾਜ਼ ਦਾ ਬਲੈਕ ਬਾਕਸ ਵੀ ਮਿਲਿਆ ਹੈ।

ਇਸ ਦਰਦਨਾਕ ਹਾਦਸੇ ‘ਚ ਵਿੱਚ ਮਰਨ ਵਾਲਿਆਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਸਨ। ਇਹ ਹਾਦਸਾ ਹਵਾਈ ਅੱਡੇ ਦੇ ਨੇੜੇ ਸਥਿਤ ਇੱਕ ਮੈਡੀਕਲ ਹੋਸਟਲ ਦੇ ਨੇੜੇ ਵਾਪਰਿਆ, ਜਿਸ ਕਾਰਨ ਮੌਕੇ ‘ਤੇ ਅੱਗ ਅਤੇ ਧੂੰਏਂ ਦੇ ਭਿਆਨਕ ਦ੍ਰਿਸ਼ ਦਿਖਾਈ ਦਿੱਤੇ। ਘਟਨਾ ਵਾਲੀ ਥਾਂ ‘ਤੇ ਬਚਾਅ ਅਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ ਜਦੋਂ ਕਿ ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਧਾਨ ਮੰਤਰੀ ਮੋਦੀ ਅੱਜ ਹਵਾਈ ਅੱਡੇ ਤੋਂ ਸਿੱਧੇ ਜਹਾਜ਼ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਗੇ ਅਤੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸਿਵਲ ਹਸਪਤਾਲ ਜਾਣਗੇ, ਜਿੱਥੇ ਉਹ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਨੂੰ ਮਿਲਣਗੇ।

ਦੱਸ ਦਈਏ ਕਿ ਇਸ ਹਾਦਸੇ ਵਿੱਚ ਸਿਰਫ਼ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਕੁਮਾਰ ਹੀ ਬਚੇ ਹਨ। ਉਹ ਜਹਾਜ਼ ਦੀ ਸੀਟ ਨੰਬਰ 11-ਏ ‘ਤੇ ਬੈਠੇ ਸਨ। ਉਨ੍ਹਾਂ ਕਿਹਾ ਕਿ “ਉਡਾਣ ਭਰਨ ਤੋਂ ਸਿਰਫ਼ 30 ਸਕਿੰਟਾਂ ਬਾਅਦ ਹੀ ਜਹਾਜ਼ ਇੱਕ ਜ਼ੋਰਦਾਰ ਆਵਾਜ਼ ਨਾਲ ਕਰੈਸ਼ ਹੋ ਗਿਆ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੇ ਆਲੇ-ਦੁਆਲੇ ਲਾਸ਼ਾਂ ਸਨ।” ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਲਈ 1000 ਤੋਂ ਵੱਧ ਡੀਐਨਏ ਟੈਸਟ ਕੀਤੇ ਜਾਣਗੇ।

LEAVE A REPLY

Please enter your comment!
Please enter your name here