ਐਸ ਏ ਐਸ ਨਗਰ ਦੇ ਪਿੰਡ ਚਟੌਲੀ ਕਲਾਂ ‘ਚ ਨਸ਼ਾ ਤਸਕਰ ਦੀ ਪੰਚਾਇਤੀ ਜ਼ਮੀਨ ‘ਤੇ ਗੈਰ-ਕਾਨੂੰਨੀ ਉਸਾਰੀ ਢਾਹੀ

0
100

ਖਰੜ (ਐਸ ਏ ਐਸ ਨਗਰ): ਨਸ਼ਾ ਤਸਕਰਾਂ ‘ਤੇ ਕਾਰਵਾਈ ਨੂੰ ਤੇਜ਼ ਕਰਨ ਅਤੇ ਮਿਸਾਲੀ ਬਣਾਉਣ ਲਈ ਚੱਲ ਰਹੀ ਰਾਜ ਪੱਧਰੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁਧ’ ਦੇ ਹਿੱਸੇ ਵਜੋਂ, ਐਸ ਏ ਐਸ ਨਗਰ ਪੁਲਿਸ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਤਾਲਮੇਲ ਨਾਲ, ਥਾਣਾ ਸਦਰ ਕੁਰਾਲੀ ਦੇ ਅਧਿਕਾਰ ਖੇਤਰ ਅਧੀਨ ਪਿੰਡ ਚਟੌਲੀ ਕਲਾਂ ਵਿੱਚ ਨਸ਼ਾ ਤਸਕਰ ਵਲੋਂ ਪੰਚਾਇਤੀ ਜ਼ਮੀਨ ‘ਤੇ ਗੈਰ-ਕਾਨੂੰਨੀ ਉਸਾਰੀ ਢਾਹੁਣ ਦੀ ਮੁਹਿੰਮ ਚਲਾਈ।

ਬੁੱਧਵਾਰ ਨੂੰ ਕੀਤੀ ਗਈ ਇਹ ਕਾਰਵਾਈ ਐਸ ਐਸ ਪੀ ਐਸ ਏ ਐਸ ਨਗਰ, ਹਰਮਨਦੀਪ ਸਿੰਘ ਹਾਂਸ ਦੇ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਡੀ ਐਸ ਪੀ ਮੁੱਲਾਂਪੁਰ ਮੋਹਿਤ ਅਗਰਵਾਲ ਅਤੇ ਐਸ ਐਚ ਓ ਗੌਰਵਬੰਸ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਡੀ ਐਸ ਪੀ ਅਗਰਵਾਲ ਨੇ ਦੱਸਿਆ ਕਿ ਢਾਹਿਆ ਗਿਆ ਢਾਂਚਾ ਪਿੰਡ ਦੀ ਫਿਰਨੀ (ਪੰਚਾਇਤ ਜ਼ਮੀਨ) ‘ਤੇ ਪਿੰਡ ਦੇ ਹੀ ਵਸਨੀਕ ਇੱਕ ਨਸ਼ਾ ਤਸਕਰ, ਦਿਲਪ੍ਰੀਤ ਸਿੰਘ, ਦੁਆਰਾ ਗੈਰ-ਕਾਨੂੰਨੀ ਤੌਰ ‘ਤੇ ਬਣਾਇਆ ਗਿਆ ਸੀ, ਜੋ ਇਸ ਸਮੇਂ ਐਨ ਡੀ ਪੀ ਐਸ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਹਿਰਾਸਤ ਵਿੱਚ ਹੈ। ਦੋਸ਼ੀ ਛੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਵਿੱਚ ਚਾਰ ਐਨ ਡੀ ਪੀ ਐਸ ਐਕਟ ਅਧੀਨ ਹਨ, ਜੋ ਰੋਪੜ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਦਰਜ ਹਨ।

ਸਭ ਤੋਂ ਗੰਭੀਰ ਦੋਸ਼ਾਂ ਵਿੱਚੋਂ ਇੱਕ ਵਿੱਚ, ਦਿਲਪ੍ਰੀਤ ਸਿੰਘ ‘ਤੇ 29 ਮਈ, 2022 ਨੂੰ ਸਦਰ ਕੁਰਾਲੀ ਪੁਲਿਸ ਸਟੇਸ਼ਨ ਵਿੱਚ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਚ 445 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਡੀ ਐਸ ਪੀ ਅਗਰਵਾਲ ਨੇ ਕਿਹਾ ਕਿ ਇਹ ਕਾਰਵਾਈ ਨਸ਼ਾ ਤਸਕਰੀ ਵਿਰੁੱਧ ਪੰਜਾਬ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਨੂੰ ਉਜਾਗਰ ਕਰਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਢਾਹੁਣ ਦੀ ਕਾਰਵਾਈ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਲਈ ਇੱਕ ਸਖ਼ਤ ਸੰਦੇਸ਼ ਹੈ। ਇਹ ਮੁਹਿੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ ਗੌਰਵ ਯਾਦਵ ਦੁਆਰਾ ਅਗਵਾਈ ਕੀਤੀ ਗਈ ਵੱਡੀ ਨਸ਼ਾ ਵਿਰੋਧੀ ਪਹਿਲਕਦਮੀ ਦਾ ਹਿੱਸਾ ਹੈ, ਜਿਸਦਾ ਉਦੇਸ਼ ਰਾਜ ਵਿੱਚੋਂ ਨਸ਼ਾਖੋਰੀ ਨੂੰ ਖਤਮ ਕਰਨਾ ਹੈ।

ਐਸ ਐਸ ਪੀ ਹਰਮਨਦੀਪ ਸਿੰਘ ਹੰਸ ਨੇ ਵੀ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਜਾਰੀ ਕਰਦਿਆਂ, ਉਨ੍ਹਾਂ ਨੂੰ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬੰਦ ਕਰਨ ਜਾਂ ਇਸੇ ਤਰ੍ਹਾਂ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਨਸ਼ਾ ਤਸਕਰੀ ਨੂੰ ਖਤਮ ਕਰਨ ਅਤੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਲਈ ਰਾਜ ਤੇ ਜ਼ਿਲ੍ਹਾ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।

ਸਥਾਨਕ ਨਿਵਾਸੀਆਂ ਅਤੇ ਸਰਪੰਚ ਗੁਰਪ੍ਰੀਤ ਸਿੰਘ ਦੁਆਰਾ ਇਸ ਕਾਰਵਾਈ ਦੀ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ ਗਈ ਤੇ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਜੰਗ ਵਿੱਚ ਨਿਰੰਤਰ ਯਤਨਾਂ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਡੀ ਐਸ ਪੀ ਅਗਰਵਾਲ ਨੇ ਅੱਗੇ ਦੱਸਿਆ ਕਿ, ਹਾਲ ਹੀ ਦੇ ਮਹੀਨਿਆਂ ਵਿੱਚ, ਮੁੱਲਾਂਪੁਰ ਪੁਲਿਸ ਸਬ-ਡਵੀਜ਼ਨ ਨੇ 40 ਐਫ ਆਈ ਆਰਜ਼ ਦੇ ਸਬੰਧ ਵਿੱਚ 70 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਕਈ ਦੋਸ਼ੀਆਂ ਨੂੰ ਇਲਾਜ ਲਈ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿੱਚ ਭੇਜਿਆ ਗਿਆ ਹੈ।

ਇਸ ਤੋਂ ਇਲਾਵਾ, ਪੁਲਿਸ ਨੇ ਐਨ ਡੀ ਪੀ ਐਸ ਐਕਟ ਦੀ ਧਾਰਾ 68-ਐਫ ਦੇ ਤਹਿਤ ਕਾਰਵਾਈ ਸ਼ੁਰੂ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਵਾਹਨ ਕੁਰਕ/ਫ੍ਰੀਜ਼ ਕਰਨ ਦੇ ਦੋ ਮਾਮਲੇ ਅਤੇ ਜਾਇਦਾਦ ਨਾਲ ਸਬੰਧਤ ਇੱਕ ਮਾਮਲਾ ਮਨਜੂਰੀ ਲਈ ਸਮਰੱਥ ਅਥਾਰਟੀ ਨੂੰ ਭੇਜਿਆ ਗਿਆ ਹੈ। ਇਹ ਸਾਰੀ ਚਲ ਅਤੇ ਅਚਲ ਜਾਇਦਾਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕਮਾਈ ਵਜੋਂ ਸ਼ਨਾਖਤ ਕੀਤੀ ਗਈ ਹੈ।

LEAVE A REPLY

Please enter your comment!
Please enter your name here