ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਲਈ ਇਸੇ ਸਾਲ ਮੁਕੰਮਲ ਕੀਤੀਆਂ ਜਾਣਗੀਆਂ ਤਿੰਨ ਨਵੀਆਂ ਸਰਾਵਾਂ- ਐਡਵੋਕੇਟ ਧਾਮੀ

0
58

ਅੰਮ੍ਰਿਤਸਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀ ਸੰਗਤ ਦੇ ਠਹਿਰਣ ਲਈ ਨਵੀਆਂ ਸਰਾਵਾਂ ਦਾ ਨਿਰਮਾਣ ਕਾਰਜ ਤੇਜੀ ਨਾਲ ਜਾਰੀ ਹੈ ਅਤੇ ਇਸ ਤਹਿਤ ਤਿੰਨ ਸਰਾਵਾਂ ਇਸੇ ਸਾਲ ਵਿਚ ਮੁਕੰਮਲ ਕਰਕੇ ਸੰਗਤ ਅਰਪਣ ਕੀਤੀਆਂ ਜਾਣਗੀਆਂ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਵੱਡੀ ਆਮਦ ਨੂੰ ਵੇਖਦਿਆਂ ਸਰਾਵਾਂ ਦੇ ਪ੍ਰਬੰਧਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿਆਰ ਕੀਤੀਆਂ ਜਾ ਰਹੀਆਂ ਤਿੰਨ ਨਵੀਆਂ ਸਰਾਵਾਂ ਵਿਚ ਭਾਈ ਜੈਤਾ ਜੀ ਨਿਵਾਸ ਬਾਬਾ ਸਾਹਿਬ ਚੌਕ, ਬਾਬਾ ਬਸੰਤ ਸਿੰਘ ਜੀ ਨਿਵਾਸ ਪਰਾਗਦਾਸ ਚੌਕ ਅਤੇ ਭਗਤ ਨਾਮਦੇਵ ਜੀ ਨਿਵਾਸ ਕੇਸਰੀ ਬਾਗ ਵਿਖੇ 259 ਕਮਰੇ ਅਤੇ 30 ਹਾਲ ਸੰਗਤ ਵਾਸਤੇ ਇਸੇ ਸਾਲ 2025 ਵਿਚ ਮੁਕੰਮਲ ਕਰਨ ਲਈ ਕਾਰਜ ਨਿਰੰਤਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਾਵਾਂ ਦੀਆਂ ਸੇਵਾਵਾਂ ਕਾਰਸੇਵਾ ਵਾਲੇ ਮਹਾਂਪੁਰਖਾਂ ਪਾਸੋਂ ਕਰਵਾਈਆਂ ਜਾ ਰਹੀਆਂ ਹਨ ਅਤੇ ਲੋੜੀਂਦਾ ਸਮਾਨ ਸ੍ਰੀ ਦਰਬਾਰ ਸਾਹਿਬ ਵੱਲੋਂ ਮੁਹੱਈਆ ਕੀਤਾ ਜਾ ਰਿਹਾ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਵਾਸਤੇ ਵੱਖਰਾ ਰਿਹਾਇਸ਼ੀ ਕੰਪਲੈਕਸ ਵੀ ਜਲਦ ਮੁਕੰੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬਾਨ ਦੀਆਂ ਤਿਆਰ ਕੀਤੀਆਂ ਜਾ ਰਹੀਆਂ ਵੱਡਅਕਾਰੀ ਰਿਹਾਇਸ਼ਾਂ ਵਿਚ ਉਨ੍ਹਾਂ ਦੇ ਮਾਨ-ਸਨਮਾਨ ਨੂੰ ਮੁੱਖ ਰੱਖਦਿਆਂ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹ ਰਿਹਾਇਸ਼ੀ ਕੰਪਲੈਕਸ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਬਿਲਕੁਲ ਨਜ਼ਦੀਕ ਆਟਾ ਮੰਡੀ ਬਾਹੀ ਵਿਖੇ ਤਿਆਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬਾਨ ਦੀਆਂ ਰਿਹਾਇਸ਼ਾਂ ਤਿਆਰ ਹੋਣ ਨਾਲ ਪਰਕਰਮਾ ਵਿਖੇ ਸਥਿਤ ਕਮਰਿਆਂ ਨੂੰ ਸਿੱਖ ਰੈਫਰੈਂਸ਼ ਲਾਇਬ੍ਰੇਰੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਨਾਲ-ਨਾਲ ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਤਿਆਰ ਕੀਤੇ ਜਾਣ ਵਾਲੇ ਸਿੱਖ ਆਰਕਾਈਵਜ਼ ਲਾਇਬ੍ਰੇਰੀ ਲਈ ਵਰਤਿਆ ਜਾਵੇਗਾ।

LEAVE A REPLY

Please enter your comment!
Please enter your name here