ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਗਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਬਠਿੰਡਾ ਰੇਂਜ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਮੇਜਰ ਸਿੰਘ ਅਤੇ ਉਸਦੇ ਨਿੱਜੀ ਡਰਾਈਵਰ ਰਾਮ ਸਿੰਘ ਨੂੰ 1,05,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਪਿੰਡਾਂ ਦੇ ਵਿਕਾਸ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਲਝਾਉਣ ਲਈ ਸਹਾਈ ਸਾਬਤ ਹੋ ਰਹੀਆਂ ਲੋਕ ਮਿਲਣੀਆਂ-ਮੁੱਖ ਮੰਤਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਰਾਏਪੁਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਉਪਰੰਤ ਕੀਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਏ.ਐਨ.ਟੀ.ਐਫ., ਮਾਨਸਾ ਦੀ ਟੀਮ ਨੇ ਉਸਦੇ ਪੁੱਤਰ ਅਤੇ ਹੋਰਨਾਂ ਵਿਰੁੱਧ ਮੋਹਾਲੀ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਦੌਰਾਨ, ਏ.ਐਸ.ਆਈ. ਮੇਜਰ ਸਿੰਘ ਉਸਦੀ ਦੁਕਾਨ ‘ਤੇ ਆਇਆ ਅਤੇ ਉਸਨੂੰ ਕਿਹਾ ਕਿ ਉਹ ਉਸਦੇ ਪੁੱਤਰ ਦੀ ਗ੍ਰਿਫ਼ਤਾਰੀ ਦੌਰਾਨ ਉਸਦੀ ਤਲਾਸ਼ੀ ਸਮੇਂ ਪੁਲਿਸ ਕੋਲ ਰੱਖਿਆ ਸੋਨਾ ਛੱਡ ਦੇਵੇਗਾ ਅਤੇ ਇਸ ਕੰਮ ਦੇ ਬਦਲੇ ਉਸ ਨੇ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਰਿਸ਼ਵਤ ਦੀ ਰਕਮ ਘੱਟ ਕਰਨ ਦੀ ਬੇਨਤੀ ਕਰਨ ‘ਤੇ ਉਕਤ ਡਰਾਈਵਰ ਰਾਮ ਸਿੰਘ ਨੇ ਆਪਣੇ ਲਈ 5,000 ਰੁਪਏ ਅਤੇ ਆਪਣੇ ਬੌਸ (ਏ.ਐਸ.ਆਈ.) ਲਈ ਡੇਢ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਮੁਲਜ਼ਮ ਵੱਲੋਂ ਰਿਸ਼ਵਤ ਮੰਗਣ ਦੌਰਾਨ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਕੋਲ ਪੇਸ਼ ਕੀਤਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਏ.ਐਸ.ਆਈ. ਮੇਜਰ ਸਿੰਘ ਅਤੇ ਉਸਦੇ ਨਿੱਜੀ ਡਰਾਈਵਰ ਰਾਮ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 1,05,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਇਸ ਸਬੰਧੀ ਦੋਵਾਂ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।