ਸਨਰਾਈਜ਼ਰਜ਼ ਹੈਦਰਾਬਾਦ ਨੇ ਸੋਮਵਾਰ ਨੂੰ ਆਈਪੀਐਲ 2025 ਵਿੱਚ ਲਖਨਊ ਸੁਪਰ ਜਾਇੰਟਸ ਨੂੰ ਛੇ ਵਿਕਟਾਂ ਨਾਲ ਹਰਾਇਆ। ਇਸ ਮੈਚ ਵਿੱਚ ਲਖਨਊ ਦੇ ਦਿਗਵੇਸ਼ ਰਾਠੀ ਦਾ ਮੁਕਾਬਲਾ ਸਨਰਾਈਜ਼ਰਜ਼ ਦੇ ਅਭਿਸ਼ੇਕ ਸ਼ਰਮਾ ਨਾਲ ਹੋਇਆ। ਮੈਚ ਤੋਂ ਬਾਅਦ ਉਸ ‘ਤੇ ਇੱਕ ਮੈਚ ਲਈ ਪਾਬੰਦੀ ਲਗਾਈ ਗਈ।
ਇਸ ਦੇ ਨਾਲ ਹੀ ਮੈਚ ਫੀਸ ਦਾ 50 ਪ੍ਰਤੀਸ਼ਤ ਜੁਰਮਾਨਾ ਵੀ ਲਗਾਇਆ ਗਿਆ ਹੈ। ਉਸ ‘ਤੇ ਸੋਮਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਰੁੱਧ ਮੈਚ ਦੌਰਾਨ IPL ਦੇ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਦਾ ਦੋਸ਼ ਹੈ।
ਮੈਚ ਦੌਰਾਨ ਅਭਿਸ਼ੇਕ ਨੂੰ ਆਊਟ ਕਰਨ ਤੋਂ ਬਾਅਦ ਦਿਗਵੇਸ਼ ਨੇ ਨੋਟਬੁੱਕ ਸੈਲੀਬ੍ਰੇਸ਼ਨ ਕੀਤਾ ਜੋ ਅਭਿਸ਼ੇਕ ਨੂੰ ਪਸੰਦ ਨਹੀਂ ਆਇਆ। ਪਵੇਲੀਅਨ ਵਾਪਸ ਜਾਣ ਤੋਂ ਪਹਿਲਾਂ, ਉਹ ਦਿਗਵੇਸ਼ ਕੋਲ ਗਿਆ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਤੋਂ ਬਾਅਦ ਦੋਵਾਂ ਵਿਚਕਾਰ ਬਹਿਸ ਹੋ ਗਈ। ਕਪਤਾਨ ਰਿਸ਼ਭ ਪੰਤ ਅਤੇ ਅੰਪਾਇਰ ਨੇ ਆ ਕੇ ਦੋਵਾਂ ਨੂੰ ਸ਼ਾਂਤ ਕਰਵਾਇਆ।
ਦੱਸ ਦਈਏ ਕਿ ਦਿਗਵੇਸ਼ ਨੂੰ ਇਸ ਸੀਜ਼ਨ ਵਿੱਚ ਪਹਿਲਾਂ ਹੀ ਪੰਜ ਡੀਮੈਰਿਟ ਅੰਕ ਮਿਲ ਚੁੱਕੇ ਹਨ, ਜਿਸ ਕਾਰਨ ਉਸਨੂੰ ਇੱਕ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਹੁਣ ਦਿਗਵੇਸ਼ 22 ਮਈ ਨੂੰ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਜ਼ ਖ਼ਿਲਾਫ਼ ਮੈਚ ਨਹੀਂ ਖੇਡ ਸਕਣਗੇ। ਸੋਮਵਾਰ ਨੂੰ ਸਨਰਾਈਜ਼ਰਜ਼ ਖ਼ਿਲਾਫ਼ ਹਾਰਨ ਤੋਂ ਬਾਅਦ ਲਖਨਊ ਦੀ ਟੀਮ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ।