ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ 90 ਮੀਟਰ ਦਾ ਥ੍ਰੋ ਕੀਤਾ। ਉਸਨੇ ਪਹਿਲੀ ਕੋਸ਼ਿਸ਼ ਵਿੱਚ 88.44 ਮੀਟਰ ਦਾ ਸਕੋਰ ਕੀਤਾ, ਜਦੋਂ ਕਿ ਦੂਜਾ ਥ੍ਰੋਅ ਅਵੈਧ ਘੋਸ਼ਿਤ ਕਰ ਦਿੱਤਾ ਗਿਆ। ਫਿਰ ਨੀਰਜ ਨੇ ਤੀਜੀ ਕੋਸ਼ਿਸ਼ ਵਿੱਚ ਆਪਣੇ ਕਰੀਅਰ ਦਾ ਸਭ ਤੋਂ ਵਧੀਆ ਥ੍ਰੋਅ ਕੀਤਾ।
ਇਸ ਤੋਂ ਪਹਿਲਾਂ, ਉਸਦਾ ਸਭ ਤੋਂ ਵਧੀਆ ਥਰੋਅ 89.94 ਮੀਟਰ ਸੀ, ਜੋ ਉਸਨੇ 2022 ਡਾਇਮੰਡ ਲੀਗ ਵਿੱਚ ਕੀਤਾ ਸੀ। ਹਾਲਾਂਕਿ, ਨੀਰਜ ਦੋਹਾ ਡਾਇਮੰਡ ਲੀਗ ਵਿੱਚ ਦੂਜੇ ਸਥਾਨ ‘ਤੇ ਰਹੇ। ਜਰਮਨੀ ਦੇ ਜੂਲੀਅਨ ਵੇਬਰ 91.06 ਮੀਟਰ ਦੇ ਥਰੋਅ ਨਾਲ ਪਹਿਲੇ ਸਥਾਨ ‘ਤੇ ਰਹੇ ਅਤੇ ਗ੍ਰੇਨਾਡਾ ਦੇ ਪੀਟਰਸ ਐਂਡਰਸਨ 85.64 ਮੀਟਰ ਦੇ ਨਾਲ ਤੀਜੇ ਸਥਾਨ ‘ਤੇ ਰਹੇ।
ਦੱਸ ਦਈਏ ਕਿ ਨੀਰਜ ਚੋਪੜਾ ਜੈਵਲਿਨ ਥ੍ਰੋਅ ਵਿੱਚ 90 ਮੀਟਰ ਤੋਂ ਵੱਧ ਦਾ ਸਕੋਰ ਕਰਨ ਵਾਲੇ ਤੀਜੇ ਏਸ਼ੀਆਈ ਖਿਡਾਰੀ ਬਣ ਗਏ ਹਨ। ਇੰਨਾ ਹੀ ਨਹੀਂ, ਉਹ ਅਜਿਹਾ ਕਰਨ ਵਾਲੇ ਦੁਨੀਆ ਦੇ 25ਵੇਂ ਜੈਵਲਿਨ ਥ੍ਰੋਅਰ ਬਣ ਗਏ ਹਨ।