ਸੰਗਰੂਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਜੇਲ੍ਹ ਅੰਦਰੋਂ ਚੱਲ ਰਹੇ ਇਕ ਨਸ਼ਾ ਤਸਕਰੀ ਰੈਕੇਟ ਦੇ ਸੰਗਠਿਤ ਅਪਰਾਧ ਦਾ ਭੰਡਾਫੋੜ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ ਕਿ “ਪੱਕੀ ਜਾਣਕਾਰੀ ਦੇ ਆਧਾਰ ‘ਤੇ ਜੇਲ੍ਹ ਵਿੱਚ ਕੀਤੀ ਗਈ ਰੇਡ ਦੌਰਾਨ 9 ਮੋਬਾਈਲ ਫੋਨ, 4 ਸਮਾਰਟ ਘੜੀਆਂ, 50 ਗ੍ਰਾਮ ਅਫੀਮ ਅਤੇ ਹੋਰ ਨਜਾਇਜ਼ ਸਮਾਨ ਬਰਾਮਦ ਹੋਇਆ। ਸ਼ੁਰੂਆਤੀ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਜੇਲ੍ਹ ਦਾ ਇੱਕ ਚੌਥੇ ਦਰਜੇ ਦਾ ਮੁਲਾਜ਼ਮ ਨਸ਼ਾ ਤਸਕਰੀ ਦੀ ਗਤੀਵਿਧੀ ‘ਚ ਸ਼ਾਮਿਲ ਸੀ। ਜਾਂਚ ਦੌਰਾਨ ਪਿੱਛਲੇ ਅਤੇ ਅਗਲੇ ਲਿੰਕ ਖੰਗਾਲਦੇ ਹੋਏ ਪੁਲਿਸ ਨੇ ਅੰਮ੍ਰਿਤਸਰ ਤੋਂ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਜੇਲ੍ਹ ਵਿੱਚ ਬੰਦ ਕੈਦੀ ਗੁਰਵਿੰਦਰ ਸਿੰਘ ਦਾ ਸਾਥੀ ਸੀ। ਮਨਪ੍ਰੀਤ ਕੋਲੋਂ 4 ਕਿਲੋ ਹੈਰੋਇਨ, ₹5.5 ਲੱਖ ਨਕਦ ਨਸ਼ਾ ਪੈਸਾ, ਇੱਕ ਗਲੌਕ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ।”
ਉਨ੍ਹਾਂ ਅੱਗੇ ਕਿਹਾ ਕਿ “ਜਾਂਚ ਦੌਰਾਨ ਸੰਗਰੂਰ ਜੇਲ ਦੇ ਡੀ.ਐਸ.ਪੀ ਸਕਿਉਰਟੀ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜੋ ਜੇਲ੍ਹ ਵਿੱਚ ਨਸ਼ਿਆਂ ਅਤੇ ਮੋਬਾਈਲ ਦੀ ਤਸਕਰੀ ਵਿੱਚ ਸਿੱਧਾ ਸ਼ਾਮਿਲ ਸੀ। ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਦੇ UPI ਖਾਤਿਆਂ ਰਾਹੀਂ ਭੁਗਤਾਨ ਮਿਲਣ ਦੀ ਵੀ ਪੁਸ਼ਟੀ ਹੋਈ ਹੈ। ਪੰਜਾਬ ਪੁਲਿਸ ਕਿਸੇ ਵੀ ਅਪਰਾਧਿਕ ਤੱਤਾਂ ਨਾਲ ਮਿਲੀਭੁਗਤ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਲਈ ਵਚਨਬੱਧ ਹੈ। ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਅਤੇ ਖੁਲਾਸੇ ਹੋਣ ਦੀ ਉਮੀਦ ਹੈ। ਪਦਵੀ ਜਾਂ ਅਹੁਦੇ ਦੀ ਪਰਵਾਹ ਕੀਤੇ ਬਿਨਾਂ, ਜੇ ਕੋਈ ਨਾਜਾਇਜ਼ ਗਤੀਵਿਧੀ ‘ਚ ਸ਼ਾਮਿਲ ਮਿਲਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਸ਼ਾਂਤੀ-ਸਦਭਾਵ ਬਣਾਈ ਰੱਖਣ ਲਈ ਵਚਨਬੱਧ ਹੈ।”