ਪੰਜਾਬ-ਹਰਿਆਣਾ ਵਿਚਾਲੇ ਪਾਣੀ ਵਿਵਾਦ ਦੇ ਦਰਮਿਆਨ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਨੇ ਫੈਸਲਾ ਕੀਤਾ ਹੈ ਕਿ ਭਾਖੜਾ ਡੈਮ ਤੋਂ ਹਰਿਆਣਾ ਨੂੰ ਤੁਰੰਤ ਪ੍ਰਭਾਵ ਨਾਲ 8500 ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਹ ਫੈਸਲਾ ਬੁੱਧਵਾਰ ਨੂੰ 5 ਘੰਟੇ ਤੱਕ ਚੱਲੀ ਬੋਰਡ ਮੀਟਿੰਗ ਵਿੱਚ ਲਿਆ ਗਿਆ। ਜਿਸ ਦਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਸਖ਼ਤ ਵਿਰੋਧ ਕੀਤਾ।ਪੰਜਾਬ ਦੇ ਮੁੱਖ ਮੰਤਰੀ ਨੇ ਇਸਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ‘ਤੇ ਇੱਕ ਹੋਰ ਡਾਕਾ ਦੱਸਿਆ ਹੈ
ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੇਂਦਰ ਅਤੇ ਹਰਿਆਣਾ ਪੰਜਾਬ ਦੇ ਪਾਣੀ ਦੇ ਹੱਕ ਖੋਹ ਰਹੇ ਹਨ ਤਾਂ ਤੁਸੀਂ ਚੁੱਪ ਕਿਉਂ ਹੋ? ਓਨਾ ਕਿਹਾ ਕਿ “ਪੰਜਾਬੀ ਹੋਣ ਦੇ ਨਾਤੇ ਉਮੀਦ ਹੈ ਤੁਸੀਂ ਪੰਜਾਬ ਦੇ ਹੱਕਾਂ ‘ਤੇ ਜ਼ਰੂਰ ਪਹਿਰਾ ਦਿਓਗੇ, ਤੁਹਾਡੀ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦਾ ਪਾਣੀ ਖੋਹ ਕੇ ਸ਼ਰੇਆਮ ਧੱਕੇਸ਼ਾਹੀ ਕੀਤੀ ਹੈ ਅਤੇ ਤੁਹਾਡੀ ਪਾਰਟੀ ਦੇ ਹਰਿਆਣੇ ਦੇ ਮੁੱਖ ਮੰਤਰੀ ਨੇ ਸੰਵਿਧਾਨਿਕ ਅਹੁਦੇ ‘ਤੇ ਹੁੰਦਿਆਂ ਸ਼ਰੇਆਮ ਝੂਠ ਬੋਲਿਆ, ਪੰਜਾਬ ਦਾ ਪੁੱਤ ਤੇ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਸਾਢੇ ਤਿੰਨ ਕਰੋੜ ਪੰਜਾਬੀਆਂ ਤਰਫੋਂ ਤੁਹਾਡੇ ਕੋਲੋਂ ਇਨਸਾਫ਼ ਦੀ ਉਮੀਦ ਕਰਦਾ ਹਾਂ”