ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਦਾ ਐਕਸ ਅਕਾਊਂਟ ਭਾਰਤ ਵਿੱਚ ਬਲਾਕ ਕਰ ਦਿੱਤਾ ਹੈ। ਪਾਕਿਸਤਾਨੀ ਰੱਖਿਆ ਮੰਤਰੀ ਲੰਬੇ ਸਮੇਂ ਤੋਂ ਗਲਤ ਜਾਣਕਾਰੀ ਅਤੇ ਭੜਕਾਊ ਬਿਆਨ ਫੈਲਾ ਰਹੇ ਸਨ, ਜਿਸ ਕਾਰਨ ਭਾਰਤ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਭਾਰਤ ਨੇ ਭੜਕਾਊ ਅਤੇ ਸੰਵੇਦਨਸ਼ੀਲ ਫਿਰਕੂ ਸਮੱਗਰੀ ਫੈਲਾਉਣ ਲਈ ਕਈ ਪਾਕਿਸਤਾਨੀ ਯੂਟਿਊਬ ਚੈਨਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਸੀ। ਭਾਰਤ ਨੇ ਸੋਮਵਾਰ ਨੂੰ 16 ਪਾਕਿਸਤਾਨੀ ਯੂਟਿਊਬ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।
ਦੱਸ ਦਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ‘ਚ 26 ਲੋਕ ਮਾਰੇ ਗਏ ਸਨ। ਹਮਲੇ ਦੀ ਜ਼ਿੰਮੇਵਾਰੀ ਦ ਰੇਸਿਸਟੈਂਸ ਫਰੰਟ (TRF) ਨੇ ਲਈ ਸੀ, ਜਿਸਨੂੰ ਭਾਰਤ ਸਰਕਾਰ ਲਸ਼ਕਰ-ਏ-ਤੋਇਬਾ ਦਾ ਸਹਿਯੋਗੀ ਮੰਨਦੀ ਹੈ। ਹਮਲੇ
ਤੋਂ ਬਾਅਦ ਖਵਾਜਾ ਆਸਿਫ਼ ਨੇ ਵੱਖ-ਵੱਖ ਇੰਟਰਵਿਊਆਂ ਵਿੱਚ ਭਾਰਤ ਵਿਰੁੱਧ ਵਿਵਾਦਪੂਰਨ ਬਿਆਨ ਦਿੱਤੇ, ਜਿਸ ਵਿੱਚ ਉਨ੍ਹਾਂ ਨੇ ਪਹਿਲਗਾਮ ਹਮਲੇ ਨੂੰ “ਭਾਰਤ ਦਾ ਅੰਦਰੂਨੀ ਮਾਮਲਾ” ਕਿਹਾ ਅਤੇ ਇਹ ਵੀ ਦਾਅਵਾ ਕੀਤਾ ਕਿ ਇਹ ਭਾਰਤ ਦੁਆਰਾ ਇੱਕ “ਫਾਲਸ ਫਲੈਗ ਆਪ੍ਰੇਸ਼ਨ” ਹੋ ਸਕਦਾ ਹੈ। ਖਵਾਜਾ ਆਸਿਫ਼ ਨੇ ਭਾਰਤ ਵੱਲੋਂ ਫੌਜੀ ਹਮਲੇ ਦੇ ਡਰ ਨੂੰ ਵੀ ਕਬੂਲ ਕੀਤਾ ਸੀ।
ਆਸਿਫ਼ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਰਤ ਵੱਲੋਂ ਹਮਲਾ ਨਿਸ਼ਚਿਤ ਹੈ ਅਤੇ ਇਹ ਨੇੜੇ ਹੈ। ਭਾਰਤ ਤੋਂ ਹਮਲੇ ਦੇ ਖ਼ਤਰੇ ਦੇ ਮੱਦੇਨਜ਼ਰ, ਖਵਾਜਾ ਆਸਿਫ ਨੇ ਕਿਹਾ ਸੀ, ‘ਅਸੀਂ ਆਪਣੇ ਸੁਰੱਖਿਆ ਬਲਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ।’