ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਦੀ ਦੁਪਹਿਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ 27 ਲੋਕ ਮਾਰੇ ਗਏ ਸਨ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਕਾਰਨ ਪੂਰੇ ਦੇਸ਼ ਵਿੱਚ ਗੁੱਸੇ ਦਾ ਮਾਹੌਲ ਹੈ। ਪਹਿਲਗਾਮ ਹਮਲੇ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ ਦੀਆਂ ਪ੍ਰਤੀਕਿਰਿਆਵਾ ਵੀ ਸਾਹਮਣੇ ਆ ਰਹੀਆਂ ਹਨ । ਸਲਮਾਨ ਖਾਨ, ਸ਼ਾਹਰੁਖ ਖਾਨ, ਸੰਜੇ ਦੱਤ, ਜਾਵੇਦ ਅਖਤਰ ਸਮੇਤ ਕਈ ਅਦਾਕਾਰਾ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਹਮਲੇ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਹੁਣ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਦੱਸ ਦਈਏ ਕਿ ਰਜਨੀਕਾਂਤ ਹਾਲ ਹੀ ਵਿੱਚ ਚੇਨਈ ਹਵਾਈ ਅੱਡੇ ‘ਤੇ ਪਹੁੰਚੇ। ਇਸ ਦੌਰਾਨ ਮੀਡੀਆ ਨੇ ਉਨ੍ਹਾਂ ਤੋਂ ਪਹਿਲਗਾਮ ਹਮਲੇ ਬਾਰੇ ਸਵਾਲ ਕੀਤੇ, ਜਿਸ ਤੇ ਉਨ੍ਹਾਂ ਕਿਹਾ ਕਿ ‘ਦੁਸ਼ਮਣ ਕਸ਼ਮੀਰ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਕੇਂਦਰ ਸਰਕਾਰ ਨੂੰ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ ਅਤੇ ਉਨ੍ਹਾਂ ਵਿਰੁੱਧ ਅਜਿਹੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਜਿਸਦੀ ਉਹ ਆਪਣੇ ਸੁਪਨੇ ਵਿੱਚ ਵੀ ਕਲਪਨਾ ਨਹੀਂ ਕਰ ਸਕਦੇ।’