ਨਵੀ ਦਿੱਲੀ, 23 ਅਪ੍ਰੈਲ : ਮੰਗਲਵਾਰ ਦੁਪਹਿਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 27 ਲੋਕ ਮਾਰੇ ਗਏ। 20 ਤੋਂ ਵੱਧ ਲੋਕ ਜ਼ਖਮੀ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬੈਸਰਨ ਘਾਟੀ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚੇ ਹੋਏ ਸਨ। ਮ੍ਰਿਤਕਾਂ ਵਿੱਚ ਯੂਪੀ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਓਡੀਸ਼ਾ ਦੇ ਸੈਲਾਨੀ ਸ਼ਾਮਲ ਹਨ। ਇਸ ਤੋਂ ਇਲਾਵਾ ਨੇਪਾਲ ਅਤੇ ਯੂਏਈ ਦੇ ਇੱਕ-ਇੱਕ ਸੈਲਾਨੀ ਅਤੇ ਦੋ ਸਥਾਨਕ ਲੋਕਾਂ ਦੀ ਵੀ ਮੌਤ ਹੋ ਗਈ।ਅੱਤਵਾਦੀ ਹਮਲੇ ਦੇ ਪੀੜਤਾਂ ਲਈ ਜੰਮੂ-ਕਸ਼ਮੀਰ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 2-2 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਲਈ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ।ਮੁੱਖ ਮੰਤਰੀ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ‘ਅਸੀਂ ਕੱਲ੍ਹ ਪਹਿਲਗਾਮ ਵਿੱਚ ਹੋਏ ਘਿਨਾਉਣੇ ਅੱਤਵਾਦੀ ਹਮਲੇ ਤੋਂ ਬਹੁਤ ਹੈਰਾਨ ਅਤੇ ਦੁਖੀ ਹਾਂ। ਮਾਸੂਮ ਨਾਗਰਿਕਾਂ ਵਿਰੁੱਧ ਇਸ ਵਹਿਸ਼ੀ ਅਤੇ ਬੇਰਹਿਮੀ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਅਸੀਂ ਇਸਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਕੀਮਤੀ ਜਾਨਾਂ ਦੇ ਗੁਆਉਣ ‘ਤੇ ਸੋਗ ਪ੍ਰਗਟ ਕਰਦੇ ਹਾਂ। ਕੋਈ ਵੀ ਪੈਸਾ ਆਪਣੇ ਅਜ਼ੀਜ਼ਾਂ ਦੇ ਵਿਛੋੜੇ ਦੀ ਭਰਪਾਈ ਨਹੀਂ ਕਰ ਸਕਦਾ। ਪਰ ਸਮਰਥਨ ਅਤੇ ਏਕਤਾ ਦੇ ਪ੍ਰਤੀਕ ਵਜੋਂ, ਜੰਮੂ-ਕਸ਼ਮੀਰ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 2-2 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਲਈ 1-1 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਜਾਂਦਾ ਹੈ।”
ਦੱਸ ਦਈਏ ਕਿ ਜੰਮੂ-ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਅਸਾਮ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਮੁਰਮੂ ਨੇ ਵੀਰਵਾਰ ਸ਼ਾਮ ਨੂੰ ਗੁਹਾਟੀ ਵਿੱਚ ਸਰਕਾਰੀ ਸਮਾਗਮਾਂ ਵਿੱਚ ਸ਼ਾਮਲ ਹੋਣਾ ਸੀ। ਅਸਾਮ ਦੇ ਰਾਜਪਾਲ ਸਕੱਤਰੇਤ ਨੇ ਰਾਸ਼ਟਰਪਤੀ ਦੇ ਦੌਰੇ ਦੇ ਮੁਲਤਵੀ ਹੋਣ ਬਾਰੇ ਬਾਰੇ ਜਾਣਕਾਰੀ ਦਿੱਤੀ ਹੈ।