ਲਵਲੀਨਾ ਬੋਰਗੋਹੇਨ ਨੇ ਵਿਸ਼ਵ ਚੈਂਪੀਅਨ ਖ਼ਿਲਾਫ਼ ਮੈਡਲ ਜਿੱਤ ਕੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਭਾਰਤ ਦੀ ਦੂਜੀ ਮਹਿਲਾ ਮੁੱਕੇਬਾਜ਼

0
155

ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਓਲੰਪਿਕ ਵਿਚ ਪਹਿਲਾਂ ਹੀ ਮੈਡਲ ਸੁਰੱਖਿਅਤ ਕਰ ਚੁੱਕੀ ਹੈ ਪਰ ਬੁੱਧਵਾਰ ਨੂੰ ਉਹ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ ਸੁਰਮੇਨੇਲੀ ਖ਼ਿਲਾਫ਼ ਜਿੱਤ ਦਰਜ ਕਰ ਕੇ ਓਲੰਪਿਕ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣਨ ਦੀ ਕੋਸ਼ਿਸ਼ ਕਰੇਗੀ। ਅਸਮ ਦੀ 23 ਸਾਲਾ ਲਵਲੀਨਾ ਇਤਿਹਾਸ ਰਚਣ ਦੀ ਦਹਿਲੀਜ਼ ‘ਤੇ ਖੜ੍ਹੀ ਹੈ। ਉਹ ਮੈਡਲ ਪੱਕਾ ਕਰ ਕੇ ਪਹਿਲਾਂ ਹੀ ਵਿਜੇਂਦਰ ਸਿੰਘ (2008) ਤੇ ਐੱਮਸੀ ਮੈਰੀ ਕਾਮ (2012) ਦੀ ਬਰਾਬਰੀ ਕਰ ਚੁੱਕੀ ਹੈ। ਲਵਲੀਨਾ ਦਾ ਮੈਡਲ ਪਿਛਲੇ ਨੌਂ ਸਾਲਾਂ ਵਿਚ ਭਾਰਤ ਦਾ ਮੁੱਕੇਬਾਜ਼ੀ ਵਿਚ ਪਹਿਲਾ ਮੈਡਲ ਹੋਵੇਗਾ ਪਰ ਉਨ੍ਹਾਂ ਦਾ ਟੀਚਾ ਹੁਣ ਫਾਈਨਲ ਵਿਚ ਪੁੱਜਣਾ ਹੋਵੇਗਾ ਜਿੱਥੇ ਅਜੇ ਤਕ ਕੋਈ ਭਾਰਤੀ ਨਹੀਂ ਪੁੱਜਾ ਹੈ।

ਰਾਸ਼ਟਰੀ ਕੋਚ ਮੁਹੰਮਦ ਅਲੀ ਕਮਰ ਨੇ ਇਸ ਮਹੱਤਵਪੂਰਨ ਮੁਕਾਬਲੇ ਤੋਂ ਪਹਿਲਾਂ ਕਿਹਾ ਕਿ ਇਹ ਮੁਕਾਬਲਾ ਦੁਪਹਿਰ ਬਾਅਦ ਹੋਵੇਗਾ ਤੇ ਇਸ ਲਈ ਅਸੀਂ ਪਿਛਲੇ ਦੋ ਦਿਨਾਂ ਤੋਂ ਦੁਪਹਿਰ ਬਾਅਦ ਹੀ ਅਭਿਆਸ ਕਰ ਰਹੇ ਹਾਂ। ਇਹ ਦੋਵੇਂ ਮੁੱਕੇਬਾਜ਼ ਇਸ ਤੋਂ ਪਹਿਲਾਂ ਇਕ ਦੂਜੇ ਨਾਲ ਨਹੀਂ ਭਿੜੀਆਂ ਹਨ ਤੇ ਉਹ ਦੋਵੇਂ ਇਕ ਦੂਜੇ ਦੀ ਖੇਡ ਬਾਰੇ ਨਹੀਂ ਜਾਣਦੀਆਂ। ਲਵਲੀਨਾ ਚੰਗੇ ਪ੍ਰਦਰਸ਼ਨ ਪ੍ਰਤੀ ਵਿਸ਼ਵਾਸ ਨਾਲ ਭਰੀ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰੇਗੀ।

ਇਹ ਮੁੱਕੇਬਾਜ਼ ਵੀ ਆਪਣੇ ਟੀਚੇ ਨੂੰ ਲੈ ਕੇ ਸਪੱਸ਼ਟ ਹੈ। ਉਨ੍ਹਾਂ ਨੇ ਪਿਛਲੇ ਗੇੜ ਵਿਚ ਚੀਨੀ ਤਾਇਪੇ ਦੀ ਸਾਬਕਾ ਵਿਸ਼ਵ ਚੈਂਪੀਅਨ ਨੀਨ ਚਿਨ ਚੇਨ ਨੂੰ ਹਰਾਇਆ ਸੀ। ਉਨ੍ਹਾਂ ਨੇ ਇਸ ਮੁਕਾਬਲੇ ਤੋਂ ਬਾਅਦ ਕਿਹਾ ਸੀ ਕਿ ਮੈਡਲ ਤਾਂ ਬਸ ਗੋਲਡ ਹੁੰਦਾ ਹੈ, ਪਹਿਲਾਂ ਮੈਨੂੰ ਉਸ ਨੂੰ ਹਾਸਲ ਕਰਨ ਦਿਓ। ਲਵਲੀਨਾ ਓਲੰਪਿਕ ਵਿਚ ਸ਼ੁਰੂਆਤ ਕਰ ਰਹੀ ਹੈ ਪਰ ਉਨ੍ਹਾਂ ਨੇ ਸਹਿਜ ਹੋ ਕੇ ਆਪਣੇ ਮੁਕਾਬਲੇ ਲੜੇ ਹਨ। ਤੁਰਕੀ ਦੀ ਚੋਟੀ ਦਾ ਦਰਜਾ ਹਾਸਲ ਮੁੱਕੇਬਾਜ਼ ਖ਼ਿਲਾਫ਼ ਵੀ ਉਹ ਬਿਨਾਂ ਕਿਸੇ ਦਬਾਅ ਦੇ ਰਿੰਗ ਵਿਚ ਉਤਰੇਗੀ।

ਇਸ ਸਾਲ ਸੁਰਮੇਨੇਲੀ ਨੇ ਜਿੱਤੇ ਹਨ ਦੋ ਗੋਲਡ
ਸੁਰਮੇਨੇਲੀ ਵੀ 23 ਸਾਲ ਦੀ ਹੈ ਤੇ ਇਸ ਸਾਲ ਅੰਤਰਰਾਸ਼ਟਰੀ ਪੱਧਰ ‘ਤੇ ਉਨ੍ਹਾਂ ਨੇ ਦੋ ਗੋਲਡ ਮੈਡਲ ਜਿੱਤੇ ਹਨ। ਲਵਲੀਨਾ ਵੀ ਇਸ ਖੇਡ ਵਿਚ ਨਵੀਂ ਨਹੀਂ ਹੈ ਤੇ ਉਨ੍ਹਾਂ ਨੇ ਅਜੇ ਤਕ ਆਪਣੇ ਕਰੀਅਰ ਵਿਚ ਵਿਸ਼ਵ ਚੈਂਪੀਅਨਸ਼ਿਪ ਦੇ ਦੋ ਕਾਂਸੇ ਦੇ ਮੈਡਲ ਜਿੱਤੇ ਹਨ। ਤੁਰਕੀ ਦੀ ਮੁੱਕੇਬਾਜ਼ 2019 ਚੈਂਪੀਅਨਸ਼ਿਪ ਵਿਚ ਜੇਤੂ ਰਹੀ ਸੀ ਜਦਕਿ ਲਵਲੀਨਾ ਨੂੰ ਕਾਂਸੇ ਦਾ ਮੈਡਲ ਮਿਲਿਆ ਸੀ। ਤਦ ਇਨ੍ਹਾਂ ਦੋਵਾਂ ਵਿਚਾਲੇ ਮੁਕਾਬਲਾ ਨਹੀਂ ਹੋਇਆ ਸੀ।

LEAVE A REPLY

Please enter your comment!
Please enter your name here