ਨਵੀ ਦਿੱਲੀ, 9 ਅਪ੍ਰੈਲ: ਚੀਨ ਅਤੇ ਅਮਰੀਕਾ ਵਿਚਕਾਰ ਟੈਰਿਫ ਯੁੱਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਚੀਨ ਅਤੇ ਟਰੰਪ ਵਿਚਾਲੇ ਚੱਲ ਰਿਹਾ ਤਣਾਅ ਬੁੱਧਵਾਰ ਨੂੰ ਓਦੋ ਹੋਰ ਵਧ ਗਿਆ ਜਦੋਂ ਬੀਜਿੰਗ ਨੇ ਅਮਰੀਕਾ ਤੋਂ ਆਉਣ ਵਾਲੇ ਸਾਮਾਨ ‘ਤੇ ਟੈਰਿਫ ਵਧਾ ਕੇ 84% ਕਰ ਦਿੱਤਾ।
ਚੀਨ ਦੇ ਵਿੱਤ ਮੰਤਰਾਲੇ ਨੇ ਵੀਰਵਾਰ ਤੋਂ ਸਾਰੇ ਅਮਰੀਕੀ ਸਾਮਾਨਾਂ ‘ਤੇ ਇਹ ਟੈਰਿਫ ਲਗਾਉਣ ਦਾ ਐਲਾਨ ਕੀਤਾ, ਜੋ ਕਿ ਪਹਿਲਾਂ ਐਲਾਨੇ ਗਏ 34 ਪ੍ਰਤੀਸ਼ਤ ਟੈਰਿਫ ਨਾਲੋਂ 50 ਪ੍ਰਤੀਸ਼ਤ ਵੱਧ ਹੈ। ਮੰਤਰਾਲੇ ਨੇ ਕਿਹਾ ਕਿ ਇਹ ਨਵੇਂ ਟੈਰਿਫ 10 ਅਪ੍ਰੈਲ ਤੋਂ ਲਾਗੂ ਹੋਣਗੇ।
ਦੱਸ ਦਈਏ ਕਿ ਚੀਨ ਵੱਲੋਂ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੰਗਲਵਾਰ ਨੂੰ ਚੀਨੀ ਸਾਮਾਨ ‘ਤੇ 104 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਬਾਅਦ ਚੁੱਕਿਆ ਗਿਆ ਹੈ। ਟਰੰਪ ਵੱਲੋਂ 104 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਬਾਅਦ ਚੀਨ ਨੇ ਅਮਰੀਕਾ ‘ਤੇ “ਹੰਕਾਰੀ ਅਤੇ ਧਮਕੀ ਭਰੇ ਵਿਵਹਾਰ” ਦਾ ਦੋਸ਼ ਲਗਾਇਆ ਸੀ।ਇਸ ਦੇ ਨਾਲ ਹੀ, ਚੀਨੀ ਸਰਕਾਰ ਨੇ ਟੈਰਿਫ ਮੁੱਦੇ ‘ਤੇ ਵ੍ਹਾਈਟ ਹਾਊਸ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੀਤੇ ਐਤਵਾਰ ਨੂੰ ਚੀਨ ਨੇ ਦੁਨੀਆ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਸੀ ਕਿ ‘ਜੇਕਰ ਟਰੇਡ ਯੁੱਧ ਹੁੰਦਾ ਹੈ, ਤਾਂ ਚੀਨ ਪੂਰੀ ਤਰ੍ਹਾਂ ਤਿਆਰ ਹੈ – ਅਤੇ ਇਸ ਵਿੱਚੋਂ ਹੋਰ ਵੀ ਮਜ਼ਬੂਤੀ ਨਾਲ ਉਭਰੇਗਾ।’