ਚੰਡੀਗੜ੍ਹ: 18 ਸਾਲ ਪੁਰਾਣੇ ਮੋਗਾ ਸੈਕਸ ਸਕੈਂਡਲ ਮਾਮਲੇ ਵਿੱਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 4 ਪੁਲਿਸ ਅਧਿਕਾਰੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਪੁਲਿਸ ਇੰਸਪੈਕਟਰ ਰਮਨ ਨੂੰ ਇੱਕ ਹੋਰ ਧਾਰਾ ਵਿੱਚ ਤਿੰਨ ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ।
ਇਨ੍ਹਾਂ ਵਿੱਚ ਤਤਕਾਲੀ ਐਸਐਸਪੀ ਦਵਿੰਦਰ ਸਿੰਘ ਗਰਚਾ, ਸਾਬਕਾ ਐਸਪੀ ਹੈੱਡਕੁਆਰਟਰ ਮੋਗਾ ਪਰਮਦੀਪ ਸਿੰਘ ਸੰਧੂ, ਸਾਬਕਾ ਐਸਐਚਓ ਥਾਣਾ ਸਿਟੀ ਮੋਗਾ ਰਮਨ ਕੁਮਾਰ ਅਤੇ ਥਾਣਾ ਸਿਟੀ ਮੋਗਾ ਦੇ ਤਤਕਾਲੀ ਐਸਐਚਓ ਅਮਰਜੀਤ ਸਿੰਘ ਸ਼ਾਮਲ ਹਨ।
ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ‘ਤੇ ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਦੱਸਿਆ ਕਿ ਫੈਸਲਾ ਬਹੁਤ ਵਧੀਆ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਫੈਸਲੇ ਤੋਂ ਸੰਤੁਸ਼ਟ ਹਨ। ਦੱਸ ਦੇਈਏ ਕਿ 29 ਮਾਰਚ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਚਾਰਾਂ ਨੂੰ ਦੋਸ਼ੀ ਪਾਇਆ ਸੀ। ਅਕਾਲੀ ਆਗੂ ਤੋਤਾ ਸਿੰਘ ਪੁੱਤਰ ਬਰਜਿੰਦਰ ਸਿੰਘ ਉਰਫ ਮੱਖਣ ਬਰਾੜ ਅਤੇ ਸੁਖਰਾਜ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।