ਅਰਨੀਵਾਲਾ ਸੇਖ਼ ਸੁਭਾਨ ਵਿੱਚ ਪੰਜਾਬ ਦੀ ਪਹਿਲੀ ਝੀਂਗਾ ਅਤੇ ਜਾਮੁਨ ਮੰਡੀ ਬਣੇਗੀ- ਵਿਧਾਇਕ ਜਗਦੀਪ ਕੰਬੋਜ ਗੋਲਡੀ

0
52

ਅਰਨੀਵਾਲਾ (ਜਲਾਲਾਬਾਦ) 26 ਮਾਰਚ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਲਾਲਾਬਾਦ ਹਲਕੇ ਦੀ ਅਰਨੀਵਾਲਾ ਸੇਖ ਸੁਭਾਨ ਵਿਖੇ ਨਵੀਂ ਆਧੁਨਿਕ ਅਨਾਜ ਮੰਡੀ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਅੱਜ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਵੱਲੋਂ ਰੱਖੇ ਸਵਾਲ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ  ਗੁਰਮੀਤ ਸਿੰਘ ਖੁਡੀਆਂ ਨੇ ਕੀਤਾ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਇਸ ਮੌਕੇ ਵਿਧਾਨ ਸਭਾ ਵਿੱਚ ਸੂਚਿਤ ਕੀਤਾ ਕਿ ਅਰਨੀਵਾਲਾ ਸੇਖ ਸੁਭਾਨ ਵਿੱਚ ਅਨਾਜ ਮੰਡੀ ਬਣਾਉਣ ਲਈ ਨਗਰ ਪੰਚਾਇਤ ਤੋਂ 12 ਏਕੜ ਜਮੀਨ ਖਰੀਦ ਲਈ ਗਈ ਹੈ ਅਤੇ ਇਸ ਸਬੰਧੀ ਨਗਰ ਪੰਚਾਇਤ ਨੂੰ 1.14 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਮੰਡੀ ਲਈ ਸਥਾਨ ਦੀ ਨਿਸ਼ਾਨਦੇਹੀ ਕਰਵਾਉਣ ਤੋਂ ਇਲਾਵਾ ਇਸ ਸਥਾਨ ਦਾ ਮੰਡੀ ਬੋਰਡ ਦੇ ਨਾਂ ਤੇ ਰਜਿਸਟਰੀ ਅਤੇ ਇੰਤਕਾਲ ਵੀ ਹੋ ਗਿਆ ਹੈ ਅਤੇ ਵਿਭਾਗ ਨੇ ਇਸ ਨੂੰ ਮੁੱਖ ਯਾਰਡ ਵਜੋਂ ਪ੍ਰਵਾਨ ਕਰ ਲਿਆ ਗਿਆ ਹੈ।

ਦੂਜੀ ਵੱਡੀ ਕਾਟਨ ਮੰਡੀ ਵੀ ਇਸ ਅਨਾਜ ਮੰਡੀ ਦਾ ਹਿੱਸਾ ਹੋਵੇਗੀ

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਅਨਾਜ ਮੰਡੀ ਜੋ ਕਿ ਮਾਰਕੀਟ ਕਮੇਟੀ ਅਰਨੀਵਾਲਾ ਦੇ ਅਧੀਨ ਹੋਵੇਗੀ ਵਿੱਚ ਪੰਜਾਬ ਦੀ ਪਹਿਲੀ ਝੀਂਗਾ ਮੱਛੀ ਮੰਡੀ ਵੀ ਸਥਾਪਿਤ ਕੀਤੀ ਜਾਵੇਗੀ । ਜਿਕਰਯੋਗ ਹੈ ਕਿ ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੱਡੀ ਪੱਧਰ ਤੇ ਝੀਂਗਾ ਪਾਲਣ ਹੁੰਦਾ ਹੈ ਪਰ ਇਸ ਦੇ ਮੰਡੀਕਰਨ ਲਈ ਕੋਈ ਮੰਡੀ ਪਹਿਲਾਂ ਤੋਂ ਨਹੀਂ ਸੀ ਅਤੇ ਕਿਸਾਨ ਪ੍ਰਾਈਵੇਟ ਵਪਾਰੀਆਂ ਤੇ ਨਿਰਭਰ ਸਨ, ਪਰ ਹੁਣ ਮੰਡੀ ਅਰਨੀ ਵਾਲਾ ਵਿੱਚ ਬਣਨ ਵਾਲੀ ਅਨਾਜ ਮੰਡੀ ਵਿੱਚ ਸੂਬੇ ਦੀ ਪਹਿਲੀ ਝੀਂਗਾ ਮੰਡੀ ਸਥਾਪਿਤ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ਇਸ ਇਲਾਕੇ ਵਿੱਚ ਜਾਮਣ ਦੀ ਖੇਤੀ ਵੀ ਕੀਤੀ ਜਾਂਦੀ ਹੈ ਅਤੇ ਇਸ ਜਾਮਣ ਦੇ ਮੰਡੀਕਰਨ ਲਈ ਵੀ ਅਰਨੀਵਾਲਾ ਵਿੱਚ ਜਾਮਣ ਮੰਡੀ ਵੀ ਸਥਾਪਿਤ ਕੀਤੀ ਜਾਵੇਗੀ, ਇਸ ਨਾਲ ਇਲਾਕੇ ਦੇ ਬਾਗਬਾਨਾਂ ਨੂੰ ਵੱਡਾ ਲਾਭ ਹੋਵੇਗਾ । ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਅਬੋਹਰ ਤੋਂ ਬਾਅਦ ਦੂਜੀ ਵੱਡੀ ਕਾਟਨ ਮੰਡੀ ਵੀ ਇਸ ਅਨਾਜ ਮੰਡੀ ਦਾ ਹਿੱਸਾ ਹੋਵੇਗੀ।

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਉਨਾਂ ਦੇ ਹਲਕੇ ਨੂੰ ਇਹ ਵੱਡੀ ਸੌਗਾਤ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ  ਗੁਰਮੀਤ ਸਿੰਘ ਖੁਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗਾ। ਉਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਪੈਦਾਵਾਰ ਦੇ ਮੰਡੀਕਰਨ ਵਿੱਚ ਸੌਖ ਹੋਵੇਗੀ ਅਤੇ ਇਸ ਉਪਰਾਲੇ ਨਾਲ ਉਹਨਾਂ ਦੀ ਆਮਦਨ ਵਾਧੇ ਦੇ ਟੀਚੇ ਨੂੰ ਸਾਕਾਰ ਕੀਤਾ ਜਾ ਸਕੇਗਾ।

LEAVE A REPLY

Please enter your comment!
Please enter your name here