ਰੂਸ ਨੇ ਕੀਵ ਸਮੇਤ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ‘ਤੇ ਰਾਤ ਨੂੰ ਡਰੋਨ ਹਮਲੇ ਕੀਤੇ। ਜਾਣਕਾਰੀ ਅਨੁਸਾਰ ਰੂਸ ਨੇ 150 ਡਰੋਨ ਦਾਗੇ, ਜਿਸ ‘ਚ ਕਈ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਸਥਾਨਕ ਯੂਕਰੇਨ ਦੇ ਅਧਿਕਾਰੀਆਂ ਅਤੇ ਐਮਰਜੈਂਸੀ ਸੇਵਾਵਾਂ ਦੇ ਅਨੁਸਾਰ, ਐਤਵਾਰ ਰਾਤ ਨੂੰ ਯੂਕਰੇਨ ਵਿੱਚ ਰੂਸ ਦੁਆਰਾ ਕੀਤੇ ਗਏ ਡਰੋਨ ਹਮਲੇ ਵਿੱਚ ਘੱਟ ਤੋਂ ਘੱਟ ਸੱਤ ਲੋਕ ਮਾਰੇ ਗਏ। ਕਈ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਇਹ ਹਮਲੇ ਸਾਊਦੀ ਅਰਬ ਦੇ ਰਿਆਦ ‘ਚ ਹੋਣ ਵਾਲੀ ਸ਼ਾਂਤੀ ਵਾਰਤਾ ਤੋਂ ਠੀਕ ਪਹਿਲਾਂ ਹੋਏ ਹਨ। ਯੂਕਰੇਨ ਅਤੇ ਰੂਸ ਵਿਚਾਲੇ ਸੋਮਵਾਰ ਨੂੰ ਹੋਣ ਵਾਲੀ ਗੱਲਬਾਤ ਐਤਵਾਰ ਨੂੰ ਹੀ ਸ਼ੁਰੂ ਹੋ ਗਈ। ਮੀਡੀਆ ਰਿਪੋਰਟਸ ਅਨੁਸਾਰ ਇਹ ਹਮਲੇ ਖਾਰਕੀਵ, ਸੁਮੀ, ਚੇਰਨੀਹੀਵ, ਓਡੇਸਾ ਅਤੇ ਡੋਨੇਟਸਕ ਖੇਤਰਾਂ ਦੇ ਨਾਲ-ਨਾਲ ਰਾਜਧਾਨੀ ਕੀਵ ਵਿੱਚ ਹੋਏ। ਸ਼ਹਿਰ ਦੇ ਫੌਜ ਪ੍ਰਸ਼ਾਸਨ ਨੇ ਕਿਹਾ ਕਿ ਕੀਵ ‘ਤੇ ਡਰੋਨ ਹਮਲੇ ਵਿਚ ਇਕ ਪੰਜ ਸਾਲ ਦੇ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦਸ ਲੋਕ ਜ਼ਖਮੀ ਹੋਏ ਹਨ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੇ ਇਸ ਹਫਤੇ ਯੂਕਰੇਨ ‘ਤੇ 1,580 ਤੋਂ ਵੱਧ ਗਾਈਡਡ ਬੰਬ, 1,100 ਡਰੋਨ ਅਤੇ 15 ਮਿਜ਼ਾਈਲਾਂ ਦਾਗੀਆਂ ਹਨ।