ਨਵੀ ਦਿੱਲੀ, 22 ਮਾਰਚ: ਇੰਡੀਅਨ ਪ੍ਰੀਮੀਅਰ ਲੀਗ ਦਾ 18ਵਾਂ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਆਈਪੀਐਲ 2025 ਦੀ ਸ਼ੁਰੂਆਤ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਵਿਚਕਾਰ ਮੈਚ ਨਾਲ ਹੋਵੇਗੀ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾ ਉਦਘਾਟਨੀ ਸਮਾਰੋਹ ਹੋਵੇਗਾ।
ਉਦਘਾਟਨੀ ਸਮਾਰੋਹ ਸ਼ਾਮ 6 ਵਜੇ ਤੋਂ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਹੋਵੇਗਾ। ਜਿਸ ‘ਚ ਬਾਲੀਵੁੱਡ ਦੇ ਕੁਝ ਸਿਤਾਰੇ ਅਤੇ ਪੰਜਾਬੀ ਗਾਇਕ ਕਰਨ ਔਜਲਾ ਪਰਫਾਰਮੈਂਸ ਦੇਣਗੇ। ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ, ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਅਤੇ ਪੰਜਾਬੀ ਗਾਇਕ ਕਰਨ ਓਜਲਾ ਇਸ ਵਿੱਚ ਪਰਫਾਰਮ ਕਰਨਗੇ। IPL ਨੇ ਆਪਣੇ ਸੋਸ਼ਲ ਪਲੇਟਫਾਰਮ X ‘ਤੇ ਇਕ ਪੋਸਟ ‘ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਰਿਜੀਤ ਸਿੰਘ, ਸ਼ਰਧਾ ਕਪੂਰ ਅਤੇ ਵਰੁਣ ਧਵਨ ਵੀ ਪਰਫਾਰਮ ਕਰ ਸਕਦੇ ਹਨ।
ਇਹ ਸਿਤਾਰੇ ਵੀ ਹੋ ਸਕਦੇ ਹਨ ਸ਼ਾਮਿਲ
ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੇ ਵੀ ਸਮਾਰੋਹ ‘ਚ ਸ਼ਾਮਲ ਹੋਣ ਦੀ ਉਮੀਦ ਹੈ। ਸ਼ਾਹਰੁਖ ਆਪਣੀ ਟੀਮ ਨੂੰ ਸਪੋਰਟ ਕਰਨ ਲਈ ਆ ਸਕਦੇ ਹਨ, ਜਦਕਿ ਸਲਮਾਨ ਆਪਣੀ ਫਿਲਮ ਸਿਕੰਦਰ ਦੇ ਪ੍ਰਮੋਸ਼ਨ ਲਈ ਆ ਸਕਦੇ ਹਨ। ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਵੀ ਇੱਕ ਗਲੋਬਲ ਸਟਾਰ ਦੇ ਰੂਪ ਵਿੱਚ ਪ੍ਰਵੇਸ਼ ਕਰ ਸਕਦੀ ਹੈ। ਹਾਲਾਂਕਿ ਅਜੇ ਤੱਕ ਕੁਝ ਨਾਵਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮੈਚ ਦੌਰਾਨ ਮੀਂਹ ਪੈਣ ਦੀ ਵੀ ਸੰਭਾਵਨਾ ਹੈ, ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਦਘਾਟਨੀ ਸਮਾਰੋਹ ਜਾਂ ਮੈਚ ਚ ਮੀਂਹ ਕਿਸੇ ਵੀ ਤਰ੍ਹਾਂ ਨਾਲ ਵਿਘਨ ਪਾਉਂਦਾ ਹੈ ਜਾਂ ਨਹੀਂ।