ਸੀਹਾਂ ਦੌਦ (ਲੁਧਿਆਣਾ): ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੁਧਿਆਣਾ ਦੇ ਪਿੰਡ ਸੀਹਾਂ ਦੌਦ ਵਿਖੇ ਪਹੁੰਚਣ ਅਤੇ ਅਗਵਾ ਕੀਤੇ ਗਏ ਬੱਚੇ ਭਵਕੀਰਤ ਸਿੰਘ ਨੂੰ ਖੁਦ ਉਸਦੇ ਮਾਪਿਆਂ ਨੂੰ ਸੌਂਪਣ ‘ਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਹੱਕ ‘ਚ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
CM ਮਾਨ ਨੇ ਬੱਚੇ ਦੇ ਪਰਿਵਾਰ ਨਾਲ ਕੀਤੀ ਗੱਲਬਾਤ
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੀ ਜਮਾਤ ਦੇ ਅਗਵਾ ਹੋਏ ਬੱਚੇ ਭਵਕੀਰਤ ਸਿੰਘ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ, ਜਿਸ ਨੂੰ ਦੋ ਮੋਟਰਸਾਈਕਲ ਸਵਾਰ ਸ਼ੱਕੀ ਵਿਅਕਤੀਆਂ ਵੱਲੋਂ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ, ਜਦੋਂ ਉਹ ਲੁਧਿਆਣਾ ਦੀ ਪਾਇਲ ਸਬ ਡਵੀਜ਼ਨ ਦੇ ਪਿੰਡ ਸੀਹਾਂ ਦੌਦ ਵਿਖੇ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਮਾਪਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਕੀਤਾ, ਜਿਸ ਕਾਰਨ ਉਨ੍ਹਾਂ ਦਾ ਬੱਚਾ ਅਗਵਾਕਾਰਾਂ ਦੇ ਚੁੰਗਲ ਤੋਂ ਬਚ ਗਿਆ। ਭਵਕੀਰਤ ਦੀ ਮਾਤਾ ਜਸਪ੍ਰੀਤ ਕੌਰ ਅਤੇ ਪਿਤਾ ਰਣਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸਮੇਂ ਸਿਰ ਕਾਰਵਾਈ ਸਦਕਾ ਹੀ ਉਨ੍ਹਾਂ ਦਾ ਪੁੱਤਰ 24 ਘੰਟਿਆਂ ਵਿੱਚ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਗਵਾ ਕੀਤੇ ਗਏ ਬੱਚੇ ਭਵਕੀਰਤ ਸਿੰਘ, ਜੋ ਕਿ ਪਹਿਲੀ ਜਮਾਤ ਦਾ ਵਿਦਿਆਰਥੀ ਹੈ, ਦੇ ਮਾਪਿਆਂ ਨਾਲ ਵੀ ਗੱਲ ਕੀਤੀ।
ਦੋ ਸ਼ੱਕੀਆਂ ਨੇ ਕਰ ਲਿਆ ਸੀ ਅਗਵਾ
ਦੱਸਣਯੋਗ ਹੈ ਕਿ ਭਵਕੀਰਤ ਨੂੰ ਪਿੰਡ ਸੀਹਾਂ ਦੌਦ ਵਿਖੇ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਮੋਟਰਸਾਈਕਲ ਸਵਾਰ ਦੋ ਸ਼ੱਕੀਆਂ ਨੇ ਅਗਵਾ ਕਰ ਲਿਆ ਸੀ। ਅਗਵਾਕਾਰਾਂ ਵਿੱਚੋਂ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਅਤੇ ਦੋ ਹੋਰ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। ਸੂਬੇ ਦੀ ਪੁਲਿਸ ਵੱਲੋਂ ਸਖ਼ਤ ਅਤੇ ਤਰੁੰਤ ਕਾਰਵਾਈ ਨਾਲ ਅਪਰਾਧੀਆਂ ‘ਤੇ ਨਕੇਲ ਕੱਸਣ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਲੋਕ ਮੁਕਾਬਲੇ ਲਈ ਤਿਆਰ ਰਹਿਣ ਕਿਉਂਕਿ ਅਜਿਹੇ ਲੋਕਾਂ ਲਈ ਸਾਡੇ ‘ਰੰਗਲੇ ਪੰਜਾਬ’ ਵਿੱਚ ਕੋਈ ਥਾਂ ਨਹੀਂ ਹੈ।