ਨਵੀ ਦਿੱਲੀ,13 ਮਾਰਚ : ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ 14 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ। ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਤੇਲੰਗਾਨਾ ਦੀ ਹੈਦਰਾਬਾਦ ਪੁਲਿਸ ਅਤੇ ਸਾਈਬਰਾਬਾਦ ਪੁਲਿਸ ਨੇ ਲੋਕਾਂ ਨੂੰ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਹੈਦਰਾਬਾਦ ਪੁਲਿਸ ਨੇ ਲੋਕਾਂ ਨੂੰ ਸੜਕਾਂ ਅਤੇ ਜਨਤਕ ਥਾਵਾਂ ‘ਤੇ ਜ਼ਬਰਦਸਤੀ ਰੰਗ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਗਰੁੱਪ ‘ਚ ਬਾਈਕ ਅਤੇ ਕਾਰ ਰਾਹੀਂ ਲੋਕਾਂ ਦੇ ਆਉਣ-ਜਾਣ ‘ਤੇ ਵੀ ਪਾਬੰਦੀ ਲਗਾਈ ਹੈ।
ਅਮਨ-ਕਾਨੂੰਨ ਦੀ ਸਥਿਤੀ ਭੰਗ ਨਾ ਹੋਵੇ
ਹੈਦਰਾਬਾਦ ਸ਼ਹਿਰ ਅਤੇ ਸਾਈਬਰਾਬਾਦ ਵਿਚ ਪੁਲਿਸ ਨੇ ਸੜਕਾਂ ਅਤੇ ਜਨਤਕ ਥਾਵਾਂ ‘ਤੇ ਸਮੂਹਾਂ ਵਿਚ ਦੋਪਹੀਆ ਵਾਹਨਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀ ਮੁਤਾਬਿਕ ਸ਼ਹਿਰ ‘ਚ ਅਮਨ-ਕਾਨੂੰਨ ਦੀ ਸਥਿਤੀ ਭੰਗ ਨਾ ਹੋਵੇ ਇਸ ਲਈ ਇਹ ਫੈਸਲਾ ਲਿਆ ਗਿਆ ਹੈ।
15 ਮਾਰਚ ਤੱਕ ਹੁਕਮ ਲਾਗੂ
ਪੁਲਿਸ ਨੇ ਇਹ ਵੀ ਕਿਹਾ ਹੈ ਕਿ ਇਹ ਹੁਕਮ ਹੈਦਰਾਬਾਦ ਵਿੱਚ 13 ਮਾਰਚ 2025 ਨੂੰ ਸ਼ਾਮ 6 ਵਜੇ ਤੋਂ 15 ਮਾਰਚ 2025 ਨੂੰ ਸਵੇਰੇ 6 ਵਜੇ ਤੱਕ ਅਤੇ ਸਾਈਬਰਾਬਾਦ ਵਿੱਚ 14 ਮਾਰਚ 2025 ਨੂੰ ਸਵੇਰੇ 6 ਵਜੇ ਤੋਂ 15 ਮਾਰਚ 2025 ਨੂੰ ਸਵੇਰੇ 6 ਵਜੇ ਤੱਕ ਲਾਗੂ ਰਹੇਗਾ।