ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਸੇਵਾ ਸੰਭਾਲ ਸਬੰਧੀ ਸਮਾਗਮ ਮਾਮਲਾ: ਟਕਰਾਅ ਤੋਂ ਬਚਾਅ ਲਈ ਕੀਤਾ ਸੰਖੇਪ ਸਮਾਗਮ – ਸਕੱਤਰ ਸ਼੍ਰੋਮਣੀ ਕਮੇਟੀ

0
13

ਅੰਮ੍ਰਿਤਸਰ, 12 ਮਾਰਚ 2025 – ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲਣ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਆਪਸੀ ਟਕਰਾਅ ਤੋਂ ਬਚਣ ਲਈ ਜਥੇਦਾਰ ਸਾਹਿਬ ਦਾ ਸੇਵਾ ਸੰਭਾਲ ਸਮਾਗਮ ਸੰਖੇਪ ਰੂਪ ਵਿਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦੀ ਹੈ ਅਤੇ ਇਹ ਹਰਗਿਜ ਨਹੀਂ ਚਾਹੁੰਦੀ ਕਿ ਸਿੱਖਾਂ ਵਿਚ ਆਪਸੀ ਟਕਰਾਅ ਵਾਲੀ ਸਥਿਤੀ ਬਣੇ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਹੁਸ਼ਿਆਰਪੁਰ ਦੇ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਦਿੱਤੇ ਆਦੇਸ਼

ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲਣ ਦਾ ਸਮਾਗਮ 10 ਮਾਰਚ ਨੂੰ ਰੱਖਿਆ ਗਿਆ ਸੀ, ਪ੍ਰੰਤੂ ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਅਤੇ ਪ੍ਰਸ਼ਾਸਨ ਵੱਲੋਂ ਮਾਹੌਲ ਖ਼ਰਾਬ ਹੋਣ ਦੀਆਂ ਰਿਪੋਰਟਾਂ ਕਰਕੇ ਇਹ ਸਮਾਗਮ ਸੰਖੇਪ ਰੂਪ ਵਿਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਸਨ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਵੱਲੋਂ ਦਸਤਾਰ ਭੇਟ ਕੀਤੀ। ਇਸ ਮਗਰੋਂ ਸਿੰਘ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਅਤੇ ਅੰਮ੍ਰਿਤ ਵੇਲੇ ਪਹਿਲੀ ਅਰਦਾਸ ਵਿਚ ਸ਼ਾਮਲ ਹੋਏ। ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਵੀ ਤਖ਼ਤ ਸਾਹਿਬ ਵਿਖੇ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਗ਼ਲਤ ਹੈ ਕਿ ਜਥੇਦਾਰ ਸਾਹਿਬ ਦੇ ਤਖ਼ਤ ਸਾਹਿਬ ’ਤੇ ਜਾਣ ਸਮੇਂ ਸ਼ਸਤਰ ਵੀ ਸੁਭਾਇਮਾਨ ਨਹੀਂ ਸਨ। ਜਥੇਦਾਰ ਸਾਹਿਬ ਜਦੋਂ ਤਖ਼ਤ ਸਾਹਿਬ ’ਤੇ ਨਤਮਸਤਕ ਹੋਣ ਗਏ ਸਨ, ਉਸ ਸਮੇਂ ਅੰਮ੍ਰਿਤ ਵੇਲੇ ਦੀ ਸੇਵਾ ਉਪਰੰਤ ਵਿਛਾਈ ਕਰਕੇ ਇਤਿਹਾਸਕ ਸ਼ਸਤਰ ਸਜਾਏ ਜਾ ਚੁੱਕੇ ਸਨ।

ਪ੍ਰਤਾਪ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲਾ ਮਹੱਲਾ ਕੌਮੀ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ ਅਤੇ ਇਨ੍ਹਾਂ ਸਮਾਗਮਾਂ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਮੌਜੂਦਗੀ ਜ਼ਰੂਰੀ ਹੁੰਦੀ ਹੈ। ਇਸੇ ਦੇ ਮੱਦੇਨਜ਼ਰ ਸੇਵਾ ਸੰਭਾਲ ਸਮਾਗਮ ਰੱਖਿਆ ਗਿਆ ਸੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਿਹਾ ਜਾਵੇ।

LEAVE A REPLY

Please enter your comment!
Please enter your name here