ਚੈਂਪੀਅਨਸ ਟਰਾਫੀ 2025: ਅੱਜ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਮੈਚ, ਕੀ ਮੀਂਹ ਪਾਵੇਗਾ ਵਿਘਨ?
ਚੈਂਪੀਅਨਸ ਟਰਾਫੀ 2025 ਦਾ ਚੌਥਾ ਮੈਚ ਅੱਜ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਗਰੁੱਪ-ਬੀ ਦਾ ਇਹ ਦੂਜਾ ਮੈਚ ਹੈ। ਦੋਵਾਂ ਟੀਮਾਂ ਦੀ ਹਾਲੀਆ ਫਾਰਮ ਕਾਫੀ ਨਿਰਾਸ਼ਾਜਨਕ ਰਹੀ ਹੈ। ਇੱਕ ਪਾਸੇ ਭਾਰਤ ਨੇ ਵਨਡੇ ਸੀਰੀਜ਼ ਵਿੱਚ ਇੰਗਲੈਂਡ ਨੂੰ 3-0 ਨਾਲ ਹਰਾਇਆ ਹੈ। ਦੂਜੇ ਪਾਸੇ ਸ਼੍ਰੀਲੰਕਾ ਨੇ ਆਸਟ੍ਰੇਲੀਆ ਨੂੰ ਕਲੀਨ ਸਵੀਪ ਕੀਤਾ। ਦੋਵੇਂ ਟੀਮਾਂ ਅੱਜ ਚੈਂਪੀਅਨਜ਼ ਟਰਾਫੀ 2025 ਦਾ ਆਪਣਾ ਪਹਿਲਾ ਮੈਚ ਖੇਡਣਗੀਆਂ। ਇਹ ਰੋਮਾਂਚਕ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਹੋਵੇਗਾ।
2:30 ਵਜੇ ਸ਼ੁਰੂ ਹੋਵੇਗਾ ਮੈਚ
ਦੋਵੇਂ ਟੀਮਾਂ ਜਿੱਤ ਨਾਲ ਟੂਰਨਾਮੈਂਟ ਦੀ ਚੰਗੀ ਸ਼ੁਰੂਆਤ ਕਰਨਾ ਚਾਹੁਣਗੀਆਂ। ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਇਹ ਮੈਚ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਆਸਟਰੇਲੀਆ ਦੇ ਪੰਜ ਅਹਿਮ ਖਿਡਾਰੀ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਏ ਹਨ। ਇਨ੍ਹਾਂ ਵਿੱਚ ਕਪਤਾਨ ਪੈਟ ਕਮਿੰਸ, ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਮਿਸ਼ੇਲ ਮਾਰਸ਼ ਅਤੇ ਮਾਰਕਸ ਸਟੋਇਨਿਸ ਦੇ ਨਾਂ ਸ਼ਾਮਲ ਹਨ। ਆਓ ਜਾਣਦੇ ਹਾਂ ਅੱਜ ਲਾਹੌਰ ਦਾ ਮੌਸਮ ਕਿਹੋ ਜਿਹਾ ਰਹੇਗਾ।
ਲਾਹੌਰ ਦਾ ਮੌਸਮ ਕਿਹੋ ਜਿਹਾ ਰਹੇਗਾ?
ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਚੈਂਪੀਅਨਸ ਟਰਾਫੀ ਮੈਚ ਦੌਰਾਨ ਲਾਹੌਰ ‘ਚ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗੀ। ਧੂੰਏਂ ਅਤੇ ਧੁੰਦ ਕਾਰਨ ਕਈ ਵਾਰ ਵਿਜ਼ੀਬਿਲਿਟੀ ਘੱਟ ਹੋ ਸਕਦੀ ਹੈ, ਪਰ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਲਾਹੌਰ ਦਾ ਤਾਪਮਾਨ ਦਿਨ ਵੇਲੇ 23 ਡਿਗਰੀ ਸੈਲਸੀਅਸ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਰਹੇਗਾ। ਹਵਾ ਦੀ ਰਫ਼ਤਾਰ 10-15 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਨਮੀ 74% ਤੱਕ ਜਾ ਸਕਦੀ ਹੈ।