ਅਮਰੀਕਾ ਤੋਂ ਡਿਪੋਰਟ ਹੋਇਆ ਨੌਜਵਾਨ ਲੁਧਿਆਣਾ ‘ਚ ਗ੍ਰਿਫਤਾਰ, ਪੜੋ ਕੀ ਹੈ ਪੂਰਾ ਮਾਮਲਾ
ਲੁਧਿਆਣਾ, 17 ਫਰਵਰੀ : ਘਰ- ਜ਼ਮੀਨਾਂ ਵੇਚ ਕੇ, ਕਰਜ਼ੇ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਲੇ ਮਾਪਿਆਂ ਨੂੰ ਜਦ ਆਪਣੇ ਬੱਚਿਆਂ ਦੇ ਡਿਪੋਰਟ ਦੀ ਸੂਚਨਾ ਮਿਲਦੀ ਹੈ ਤਾਂ ਉਨ੍ਹਾਂ ਦੀਆਂ ਅੱਖਾਂ ‘ਚੋ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। 26 ਸਾਲਾ ਗੁਰਵਿੰਦਰ ਸਿੰਘ ਵਾਸੀ ਮੇਹਰਬਾਨ ਇਲਾਕਾ, ਲੁਧਿਆਣਾ ਨੂੰ ਦੂਜੇ ਬੈਚ ਵਿੱਚ ਅਮਰੀਕਾ ਵੱਲੋਂ ਡਿਪੋਰਟ ਕੀਤਾ ਗਿਆ ਸੀ। ਗੁਰਵਿੰਦਰ ਨੂੰ ਦੇਰ ਰਾਤ ਥਾਣਾ ਜਮਾਲਪੁਰ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕੀ ਗੁਰਵਿੰਦਰ ਖਿਲਾਫ ਲੁੱਟ ਖੋਹ ਦਾ ਮਾਮਲਾ ਦਰਜ ਹੈ। ਉਸਦੇ ਪਿਤਾ ਦਾਰੀ ਸਿੰਘ ਇੱਕ ਪੰਜਾਬ ਪੁਲਿਸ ਕਾਂਸਟੇਬਲ ਅਤੇ ਸਾਬਕਾ ਫੌਜੀ ਹਨ।
ਵੱਡੀ ਖਬਰ : SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫਾ
ਓਧਰ, ਗੁਰਵਿੰਦਰ ਦੇ ਪਰਿਵਾਰ ਵਿੱਚ ਇਕ ਵਿਆਹ ਸਮਾਗਮ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਵਿੰਦਰ ਦੇ ਡਿਪੋਰਟ ਹੋਣ ਦੀ ਅਚਾਨਕ ਖ਼ਬਰ ਸੁਣ ਕੇ ਉਹ ਸਦਮੇ ਵਿੱਚ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਗੁਰਵਿੰਦਰ ਕੁਝ ਦਿਨ ਪਹਿਲਾਂ ਅਮਰੀਕਾ ਗਿਆ ਸੀ। ਉਸ ਨੇ ਤਿੰਨ ਮਹੀਨੇ ਉੱਥੇ ਰਹਿਣ ਤੋਂ ਬਾਅਦ ਟਰੈਵਲ ਏਜੰਟਾਂ ਦੇ ਨੈੱਟਵਰਕ ਨੂੰ 45 ਲੱਖ ਰੁਪਏ ਅਦਾ ਕੀਤੇ ਸਨ। ਪਰਿਵਾਰ ਨੂੰ ਸ਼ਨੀਵਾਰ ਨੂੰ ਪਤਾ ਲੱਗਾ ਕਿ ਗੁਰਵਿੰਦਰ ਨੂੰ ਅਮਰੀਕੀ ਅਧਿਕਾਰੀਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਦਾਖਲ ਹੋਣ ਕਾਰਨ ਡਿਪੋਰਟ ਕਰ ਦਿੱਤਾ ਗਿਆ। ਉਨ੍ਹਾਂ ਟਰੈਵਲ ਏਜੰਟਾਂ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ, ਜਿਨ੍ਹਾਂ ਨੇ ਮੋਟੀ ਰਕਮ ਵਸੂਲੀ ਪਰ ਸੁਰੱਖਿਅਤ ਅਤੇ ਕਾਨੂੰਨੀ ਰਾਹ ਯਕੀਨੀ ਬਣਾਉਣ ‘ਚ ਅਸਫਲ ਰਹੇ।
ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਗੁਰਵਿੰਦਰ ਨੇ ਬਠਿੰਡਾ, ਦਿੱਲੀ ਅਤੇ ਦੁਬਈ ਸਥਿਤ ਤਿੰਨ ਵੱਖ-ਵੱਖ ਏਜੰਟਾਂ ਨੂੰ 45 ਲੱਖ ਰੁਪਏ ਅਦਾ ਕੀਤੇ ਸਨ। ਉਸ ਦੀ ਯਾਤਰਾ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਈ ਸੀ, ਜਦੋਂ ਉਹ ਪਹਿਲੀ ਵਾਰ ਗੁਆਨਾ ਪਹੁੰਚਿਆ। 25 ਜਨਵਰੀ ਨੂੰ, ਉਸਨੇ ਮੈਕਸੀਕੋ-ਅਮਰੀਕਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਮਰੀਕੀ ਅਧਿਕਾਰੀਆਂ ਦੁਆਰਾ ਉਸਨੂੰ ਫੜ ਲਿਆ ਗਿਆ ਅਤੇ ਬਾਅਦ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ। ਹੁਣ ਪਰਿਵਾਰ ਨੇ ਉਨ੍ਹਾਂ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਜਿਨਾਂ ਨੇ ਗੁਰਵਿੰਦਰ ਦੀ ਗੈਰ-ਕਾਨੂੰਨੀ ਯਾਤਰਾ ‘ਚ ਮਦਦ ਕੀਤੀ।