ਇਸ ਵਾਰ Champions Trophy ਜਿੱਤਣ ਵਾਲੀ ਟੀਮ ਹੋ ਜਾਵੇਗੀ ਮਾਲਾਮਾਲ, ICC ਨੇ ਇਨਾਮੀ ਰਾਸ਼ੀ ‘ਚ ਕੀਤਾ ਵੱਡਾ ਵਾਧਾ
ਨਵੀ ਦਿੱਲੀ, 14 ਫਰਵਰੀ: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸ਼ੁੱਕਰਵਾਰ ਨੂੰ ਚੈਂਪੀਅਨਸ ਟਰਾਫੀ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਵਾਰ ਇਨਾਮੀ ਰਾਸ਼ੀ ਵਿੱਚ 53 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਜੇਤੂ ਟੀਮ ਨੂੰ ਮਿਲਣ ਵਾਲੀ ਰਾਸ਼ੀ ਇਤਿਹਾਸਕ ਵੀ ਬਣ ਗਈ ਹੈ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਵੀ ਚੰਗੀ ਰਕਮ ਦਿੱਤੀ ਜਾਵੇਗੀ।
53 ਫੀਸਦੀ ਇਜ਼ਾਫਾ
ਇਸ ਐਡੀਸ਼ਨ ਦੇ ਚੈਂਪੀਅਨ ਨੂੰ 19.46 ਕਰੋੜ ਰੁਪਏ (2.24 ਮਿਲੀਅਨ ਅਮਰੀਕੀ ਡਾਲਰ) ਅਤੇ ਉਪ ਜੇਤੂ ਨੂੰ 9.72 ਕਰੋੜ ਰੁਪਏ (1.12 ਕਰੋੜ ਅਮਰੀਕੀ ਡਾਲਰ) ਮਿਲਣਗੇ। ਇਸ ਦੇ ਨਾਲ ਹੀ ਸੈਮੀਫਾਈਨਲ ਵਿਚ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ ਲਗਭਗ 4.86 ਕਰੋੜ ਰੁਪਏ ਦਿੱਤੇ ਜਾਣਗੇ। ਜਾਣਕਾਰੀ ਅਨੁਸਾਰ ਚੈਂਪੀਅਨਜ਼ ਟਰਾਫੀ ਦੀ ਕੁੱਲ ਇਨਾਮੀ ਰਾਸ਼ੀ 59.93 ਕਰੋੜ ਰੁਪਏ ਹੈ, ਜੋ ਕਿ 2017 ਵਿੱਚ ਹੋਈ ਪਿਛਲੀ ਚੈਂਪੀਅਨਜ਼ ਟਰਾਫੀ ਨਾਲੋਂ 53% ਵੱਧ ਹੈ। 2017 ਦੀ ਕੁੱਲ ਇਨਾਮੀ ਰਾਸ਼ੀ 28.88 ਕਰੋੜ ਰੁਪਏ ਸੀ।
23 ਫਰਵਰੀ ਨੂੰ ਭਾਰਤ – ਪਾਕਿਸਤਾਨ ਦਾ ਮੈਚ
ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਨੇ ਕਿਹਾ ਕਿ ਚੈਂਪੀਅਨਸ ਟਰਾਫੀ ਦਾ ਆਯੋਜਨ ਵਨਡੇ ਕ੍ਰਿਕਟ ਦੀ ਪ੍ਰਸਿੱਧੀ ਅਤੇ ਇਸ ਦੇ ਵਧਦੇ ਮੁਕਾਬਲੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨਾਮੀ ਰਾਸ਼ੀ ਵਿੱਚ ਵਾਧਾ ਆਈਸੀਸੀ ਦੇ ਖੇਡ ਵਿੱਚ ਨਿਵੇਸ਼ ਅਤੇ ਇਸ ਦੇ ਵਿਸ਼ਵਵਿਆਪੀ ਵਿਸਤਾਰ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਇਹ ਆਈਸੀਸੀ ਟੂਰਨਾਮੈਂਟ ਪਾਕਿਸਤਾਨ ਅਤੇ ਦੁਬਈ ਵਿੱਚ ਆਯੋਜਿਤ ਕੀਤਾ ਜਾਵੇਗਾ। ਭਾਰਤ ਨੇ ਟੂਰਨਾਮੈਂਟ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਆਈਸੀਸੀ ਨੇ ਭਾਰਤ ਦੇ ਮੈਚ ਦੁਬਈ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਸੀ। 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਸਭ ਤੋਂ ਹਾਈ-ਵੋਲਟੇਜ ਮੈਚ 23 ਫਰਵਰੀ ਨੂੰ ਹੋਵੇਗਾ, ਜਦੋਂ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਦੁਬਈ ‘ਚ ਖੇਡਿਆ ਜਾਵੇਗਾ।
ਇੰਤਜ਼ਾਰ ਖਤਮ! ਇਸ ਦਿਨ ਲਾਂਚ ਹੋਵੇਗਾ iPhone SE 4, ਟਿਮ ਕੁੱਕ ਨੇ ਸਾਂਝੀ ਕੀਤੀ ਵੱਡੀ ਜਾਣਕਾਰੀ