ਘਰੋਂ ਕਮਾਉਣ ਗਏ, ਖ਼ਤਰਨਾਕ ਅਪਰਾਧੀ ਕਿਵੇਂ ਬਣ ਗਏ ?
ਪ੍ਰਵੀਨ ਵਿਕਰਾਂਤ
ਅਮਰੀਕਾ ਦੇ ਫੌਜੀ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਕੌਮਾਂਤਰੀ ਏਅਰਪੋਰਟ ‘ਤੇ ਹੱਥੀਂ ਹੱਥਕੜੀਆਂ ਅਤੇ ਪੈਰੀਂ ਬੇੜੀਆਂ ਪਾ ਪਹੁੰਚੇ 104 ਪ੍ਰਵਾਸੀ ਭਾਰਤੀ, ਜਿਨ੍ਹਾਂ ਵਿੱਚ 30 ਪੰਜਾਬ ਦੇ ਸਨ ਪਰ ਉਤਾਰੇ ਪੰਜਾਬ ‘ਚ ਹੀ ਕਿਉਂ ਗਏ ਇਹ ਸਵਾਲ ਤਾਂ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ ਪਰ ਅਸੀਂ ਇੱਥੇ ਚਰਚਾ ਹੋਰਨਾਂ ਮੁੱਦਿਆਂ ਦੀ ਵੀ ਕਰਾਂਗੇ। ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਲੱਖਾਂ-ਕਰੋੜਾਂ ਰੁਪਏ ਖਰਚ ਕੇ ਵੀ ਇਸ ਤਰ੍ਹਾਂ ਨਾਲ ਅਮਰੀਕਾ ਪਹੁੰਚਣਾ, ਇਸ ਤਰ੍ਹਾਂ ਮਤਲਬ ਡੰਕੀ ਲਾ ਕੇ ਅਤੇ ਡੰਕੀ ਮਤਲਬ ਰਸਤੇ ‘ਚ ਤਰ੍ਹਾਂ-ਤਰ੍ਹਾਂ ਤੇ ਮਾਨਸਿਕ ਅਤੇ ਸਰੀਰਕ ਤਸੀਹੇ ਸਹਿ ਕੇ ਜਾਣਾ ਵੀ ਕੋਈ ਛੋਟਾ ਮੁੱਦਾ ਨਹੀਂ।
ਨਾ ਤਾਂ ਇਸ ਜਨੂੰਨ ਦੀ ਸਮਝ ਆਉਂਦੀ ਏ ਤੇ ਨਾ ਹੀ ਅਜਿਹੇ ਤਰੀਕੇ ਅਜਿਹੀ ਵਾਪਸੀ ਨੂੰ ਕਬੂਲ ਕਰਨ ਦੀ ਹੀ ਸਮਝ ਆਉਂਦੀ ਏ। ਸਾਡੇ ਨਾਲੋਂ ਤਾਂ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਅਣਖ ਰੱਖੀ ਅਤੇ ਅਜਿਹੇ ਤਰੀਕੇ ਆਪਣੇ ਨਾਗਰਿਕ ਲੈਣ ਤੋਂ ਇਨਕਾਰ ਕਰ ਦਿੱਤਾ, ਅਤੇ ਜਹਾਜ਼ ਨੂੰ ਵਾਪਸ ਜਾਣਾ ਪਿਆ। ਬੇਸ਼ਕ ਅਮਰੀਕਾ ਦੀ ਧਰਤੀ ਤੇ ਅਪਰਾਧ ਹੋਏਗਾ ਪਰ ਇਹ ਲੋਕ ਅਪਰਾਧੀ ਨਹੀਂ ਅਪਰਾਧ ਦਾ ਸ਼ਿਕਾਰ ਹੋਏ ਨੇ, ਏਸ ਤਰ੍ਹਾਂ ਖੁੰਖਾਰ ਅਪਰਾਧੀਆਂ ਦੀਆਂ ਤਰ੍ਹਾਂ ਲੈ ਕੇ ਆਉਣਾ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚਾ ਵੀ ਸੀ, ਕੌਮੀ ਤੌਰ ‘ਤੇ ਸਖ਼ਤ ਨਿਖੇਧੀ ਹੋਣੀ ਚਾਹੀਦੀ ਸੀ। ਉਹ ਗੱਲ ਦੂਜੀ ਏ ਜੋ ਵਿਦੇਸ਼ ਵੱਸਣ ਦੇ ਜਨੂੰਨ ਤਹਿਤ ਕੋਈ 35, ਕੋਈ 50, ਕੋਈ 60 ਅਤੇ ਜਲੰਧਰ ਦੀ ਇੱਕ ਬੀਬੀ ਤਾਂ ਇੱਕ ਕਰੋੜ ਖਰਚ ਕਰਕੇ ਅਤੇ ਕਈ ਹਰਿਆਣਾ ਦੇ ਵਸਨੀਕ ਤਾਂ ਢਾਈ ਕਰੋੜ ਤੱਕ ਖਰਚੇ ਦੱਸ ਰਹੇ ਨੇ ਤੇ ਉਹ ਵੀ ਇਹੋ ਜਿਹੇ ਖੱਜਲ-ਖੁਆਰੀ ਵਾਲੇ ਤਰੀਕੇ ਨਾਲ।
ਰਸਤੇ ਵਿੱਚ ਲਾਸ਼ਾਂ, ਭਖਦੇ ਰੇਗਿਸਤਾਨ, ਸੰਘਣੇ ਜੰਗਲ, ਨਦੀਆਂ, ਬੇਹਿਸਾਬ ਖਰਚ ਅਤੇ ਮਹੀਨਿਆਂ ਦੀ ਖੁੱਜਲ-ਖੁਆਰੀ, ਇਸ ਜਨੂੰਨ ‘ਤੇ ਨਸੀਹਤਾਂ ਦਾ ਦੌਰ ਤਾਂ ਜਾਰੀ ਏ ਪਰ ਐਨਾ ਕੁੱਝ ਕਰਕੇ ਵੀ ਖੱਟਿਆ ਕੀ ਇਹਨਾਂ ਲੋਕਾਂ ਨੇ ਮਾਲੀ ਮੰਦਹਾਲੀ ਅਤੇ ਜੱਗ ਦੀ ਬਦਨਾਮੀ? ਇਸ ਬਦਨਾਮੀ ਪਿੱਛੇ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਜੋ ਕੀਤਾ ਉਹ ਤਾਂ ਗੈਰ-ਕਨੂੰਨੀ ਦੱਸ ਆਪਣਾ ਪੱਲਾ ਝਾੜ ਲੈਣਗੇ, ਪਰ ਸਾਡੀਆਂ ਆਪਣੀਆਂ ਸਰਕਾਰ ਦਾ ਕੀ? 104 ਵਿੱਚ 33 ਲੋਕ ਗੁਜਰਾਤ ਦੇ ਵੀ ਸਨ ਪਰ ਫਿਰ ਫੌਜੀ ਜਹਾਜ਼ ਉਤਾਰਿਆ ਪੰਜਾਬ ਗਿਆ।
ਵੱਡੇ-ਵੱਡੇ ਸੁਪਨੇ ਸਜਾ ਕੇ ਮਾਲੀ ਉਜਾੜਾ ਕਰਵਾ ਕੇ ਕਿਸੇ ਧੋਖੇਬਾਜ ਦੇ ਅੜਿੱਕੇ ਚੜ੍ਹ ਕੇ ਗਏ ਪਰ ਆਏ ਕੱਟੜ ਅਪਰਧੀਆਂ ਦੀ ਤਰ੍ਹਾਂ, ਅਪਰਾਧੀ ਕੀ ਦਹਿਸ਼ਤਗਰਦਾਂ ਦੀ ਤਰ੍ਹਾਂ ਇਸਦਾ ਕਸੂਰਵਾਰ ਕੌਣ ਏ? ਇਹ ਤਾਂ ਸਰਾਸਰ ਮਨੁੱਖੀ ਤਸਕਰੀ ਏ ਸਮੱਗਲਿੰਗ ਏ, ਅਤੇ ਅਜਿਹੀ ਸਮੱਗਲਿੰਗ ਦਾ ਨੈੱਟਵਰਕਰ ਬਹੁਤ ਵੱਡਾ ਹੁੰਦਾ ਏ ਤਾਂ ਹੀ ਚੱਲਦਾ ਏ, ਵਾਪਸ ਪਰਤੇ ਲੋਕਾਂ ਮੁਤਾਬਕ ਕੁੱਝ ਏਜੰਟ ਆਪਣੇ ਦੇਸ਼ ਦੇ ਹੀ ਤੇ ਕਾਫੀ ਸਾਰੇ ਦੁਬਈ ਦੇ ਸਨ ਜਿਨ੍ਹਾਂ ਦੇ ਜ਼ਰੀਏ ਇਹ ਗਏ। ਇਹਨਾਂ ਮੱਗਰਮੱਛਾਂ ਦੀ ਘੋਖ ਕਰਕੇ ਸਜਾ ਦੇਣੀ ਜਿਆਦਾ ਜ਼ਰੂਰੀ ਏ, ਜੋ ਇਸ ਤਰ੍ਹਾਂ ਦੀ ਡੰਕੀਆਂ ਲਵਾ ਰਹੇ ਨੇ।
ਹੁਸ਼ਿਆਰਪੁਰ ਦੇ 40 ਸਾਲਾਂ ਹਰਵਿੰਦਰ ਸਿੰਘ ਮੁਤਾਬਕ 40 ਘੰਟਿਆਂ ਤੱਕ ਉਹਨਾਂ ਨੂੰ ਹੱਥਕੜੀਆਂ ਅਤੇ ਬੇੜੀਆਂ ‘ਚ ਰੱਖਿਆ ਗਿਆ, ਇੱਥੋਂ ਤੱਕ ਵਾਸ਼ਰੂਮ ਜਾਣ ਲਈ ਵੀ ਲੱਤਾਂ ਘੜੀਸਦੇ ਪਹੁੰਚਦੇ ਤਾਂ ਕਰੂ ਮੈਂਬਰ ਦਰਵਾਜਾ ਖੋਲ੍ਹ ਕੇ ਅੰਦਰ ਧੱਕਾ ਦੇ ਦਿੰਦੇ। ਇਸੇ ਤਰ੍ਹਾਂ ਦੇ ਕੌੜੇ ਤਜ਼ਰਬਿਆਂ ਦੀਆਂ ਕਹਾਣੀਆਂ ਪੂਰੇ ਪੰਜਾਬ ‘ਚ ਗੂੰਜ ਰਹੀਆਂ ਨੇ। ਵਕਤ ਰਹਿੰਦੇ ਕਦਮ ਚੁੱਕੇ ਜਾਣਾ ਬਹੁਤ ਜ਼ਰੂਰੀ ਸੀ ਜਦੋਂ ਕਿ ਅਮਰੀਕੀ ਵਜਾਰਤ ਬਦਲਦੇ ਹੀ ਕਾਰਵਾਈਆਂ ਸ਼ੁਰੂ ਹੋ ਗਈਆਂ ਸਨ।
20 ਜਨਵਰੀ 2025 ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੇ ਟਰੰਪ ਨੇ ਗੈਰ ਕਨੂੰਨੀ ਅਪ੍ਰਵਾਸੀਆਂ ਦੇ ਮੁੱਦੇ ‘ਤੇ ਕਿਹਾ, ‘’ਅਸੀਂ ਬੁਰੇ, ਖੁੰਖਾਰ ਅਪਰਾਧੀਆਂ ਨੂੰ ਦੇਸ਼ ਚੋਂ ਬਾਹਰ ਕੱਢ ਰਹੇ ਹਾਂ। ਇਹ ਕਾਤਲ ਨੇ। ਇਹ ਸੱਭ ਤੋਂ ਬੁਰੇ ਨੇ, ਐਨੇ ਜਿੰਨਾ ਤੁਸੀਂ ਸੋਚ ਵੀ ਨਹੀਂ ਸਕਦੇ। ਇਸ ਲਈ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਬਾਹਰ ਕੱਢ ਰਹੇ ਹਾਂ।‘’
ਟਰੰਪ ਨੇ ਲੈਕੇਨ ਰਿਲੇ ਐਕਟ ਸਾਈਨ ਕੀਤਾ, ਜਿਸ ਨਾਲ ਅਮਰੀਕੀ ਅਫ਼ਸਰਾਂ ਨੂੰ ਗੈਰ ਕਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਚ ਲੈ ਕੇ ਡਿਪੋਰਟ ਕਰਨ ਦਾ ਅਧਿਕਾਰ ਮਿਲ ਗਿਆ। ਇਸ ਤੋਂ ਬਾਅਦ 15 ਲੱਖ ਗੈਰ ਕਨੂੰਨੀ ਅਪ੍ਰਵਾਸੀਆਂ ਦੀ ਲਿਸਟ ਤਿਆਰ ਕੀਤੀ ਗਈ ਜਿਸ ਵਿੱਚ 20407 ਭਾਰਤੀ ਵੀ ਨੇ। ਅਜੇ 104 ਆਏ ਨੇ ਕਈ ਗ੍ਰਿਫ਼ਤਾਰ ਵੀ ਹੋਣਗੇ ਉਹਨਾਂ ਲਈ ਵੀ ਕਰਨਾ ਚਾਹੀਦਾ ਏ, ਅਤੇ ਜੋ ਬਾਕੀ ਆਉਣ ਵਾਲੇ ਨੇ ਉਹਨਾਂ ਵਾਸਤੇ ਵੀ ਸਮਾਂ ਰਹਿੰਦੇ ਕਦਮ ਚੁੱਕਣਾ ਚਾਹੀਦਾ ਏ। ਗਲਤੀ ਭਾਵੇਂ ਕਿਸੇ ਦੀ ਵੀ, ਪਰ ਪੰਜਾਬ ਦੇ ਉਹ ਜੋ ਲੋਕ ਲੁੱਟ-ਖਸੁਟ ਕਰਵਾ ਕੇ ਆਏ ਨੇ, ਸੋ ਉਹਨਾਂ ਨੂੰ ਮਾਲੀ ਸੰਕਟ ਚੋਂ ਕੱਢਣ ਲਈ ਵੀ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਏ।