ਦਿੱਲੀ ‘ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਹਾਦਸਾ ਹੁੰਦੇ ਹੀ ਪਿਆ ਚੀਕ-ਚਿਹਾੜਾ
ਨਵੀ ਦਿੱਲੀ : ਦਿੱਲੀ ਦੇ ਬੁਰਾੜੀ ਇਲਾਕੇ ‘ਚ 4 ਮੰਜ਼ਿਲਾ ਇਮਾਰਤ ਡਿੱਗ ਗਈ। ਹਾਦਸੇ ਦੇ ਸਮੇਂ ਇਮਾਰਤ ਦੇ ਅੰਦਰ ਕਰੀਬ 20 ਲੋਕ ਮੌਜੂਦ ਸਨ, ਜਿਨ੍ਹਾਂ ‘ਚੋਂ 12 ਲੋਕਾਂ ਨੂੰ ਬਚਾ ਲਿਆ ਗਿਆ ਹੈ ਜਦਕਿ ਬਾਕੀ ਅਜੇ ਵੀ ਕਈ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਪੁਲਿਸ, ਐਂਬੂਲੈਂਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਬਚਾਅ ਮੁਹਿੰਮ ਦੇ ਤਹਿਤ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੀਤੀ ਦੇਰ ਸ਼ਾਮ ਵਾਪਰਿਆ ਵੱਡਾ ਹਾਦਸਾ
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੇਰ ਸ਼ਾਮ ਬੁਰਾੜੀ ਦੇ ਕੌਸ਼ਿਕ ਐਨਕਲੇਵ ਇਲਾਕੇ ‘ਚ 250 ਗਜ਼ ‘ਚ ਬਣੀ 4 ਮੰਜ਼ਿਲਾ ਇਮਾਰਤ ਡਿੱਗ ਗਈ। ਇਮਾਰਤ ਡਿੱਗਦੇ ਹੀ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਆਸ-ਪਾਸ ਦੇ ਲੋਕ ਤੁਰੰਤ ਬਾਹਰ ਆ ਗਏ। ਲੋਕਾਂ ਨੇ ਤੁਰੰਤ ਪੁਲਿਸ, ਐਂਬੂਲੈਂਸ ਅਤੇ ਐਨਡੀਆਰਐਫ ਟੀਮ ਨੂੰ ਹਾਦਸੇ ਦੀ ਸੂਚਨਾ ਦਿੱਤੀ। ਚਸ਼ਮਦੀਦਾਂ ਅਨੁਸਾਰ ਮਲਬੇ ਦੇ ਉਪਰਲੇ ਹਿੱਸੇ ਵਿੱਚ ਫਸੇ ਚਾਰ ਵਿਅਕਤੀਆਂ ਨੂੰ ਸਥਾਨਕ ਲੋਕਾਂ ਨੇ ਤੁਰੰਤ ਬਾਹਰ ਕੱਢ ਲਿਆ ਸੀ ਪਰ ਲੋਕਾਂ ਨੇ ਦੇਖਿਆ ਕਿ ਕੁਝ ਹੋਰ ਲੋਕ ਮਲਬੇ ਹੇਠੋਂ ਆਪਣੇ ਆਪ ਨੂੰ ਬਚਾਉਣ ਲਈ ਤਰਲੇ ਕਰ ਰਹੇ ਸਨ। ਜਿਸ ਤੋਂ ਬਾਅਦ ਫਾਇਰ ਫਾਈਟਰਜ਼ ਨੇ ਮਲਬੇ ਹੇਠ ਦੱਬੇ ਲੋਕਾਂ ਨੂੰ ਇਕ-ਇਕ ਕਰਕੇ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। NDRF ਦੀ ਟੀਮ ਨੇ ਮੰਗਲਵਾਰ ਸਵੇਰ ਤੱਕ 12 ਲੋਕਾਂ ਨੂੰ ਬਚਾਇਆ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਅਜੇ ਵੀ ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹੈ