ਕੇਜਰੀਵਾਲ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ, ਦਿੱਲੀ ਪੁਲਿਸ ਦੇ 45 ਜਵਾਨ ਕੀਤੇ ਗਏ ਤਾਇਨਾਤ
ਦਿੱਲੀ ਦੇ ਸਾਬਕਾ CM ਨੂੰ ਦਿੱਲੀ ਪੁਲਿਸ ਨੇ ਜ਼ੈੱਡ ਪਲੱਸ ਦੀ ਸੁਰੱਖਿਆ ਦਿੱਤੀ ਹੈ। ਜਿਸਦੇ ਤਹਿਤ ਉਨ੍ਹਾਂ ਦੀ ਸੁਰੱਖਿਆ ’ਚ 45 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ’ਚ ਪੀਐੱਸਓ, ਲਾਈਜ਼ਨ ਅਫ਼ਸਰ ਅਤੇ ਇੱਕ ਸਪਾਟਰ ਸ਼ਾਮਲ ਹੈ। ਇਸ ਤੋਂ ਇਲਾਵਾ ਸਕ੍ਰੀਨਿੰਗ ਲਈ ਇੱਕ ਪੁਲਿਸ ਮੁਲਾਜ਼ਮ, ਇੱਕ ਪਾਇਲਟ ਕਾਰ, ਜਿਸ ’ਚ ਚਾਰ ਪੁਲਿਸ ਕਰਮਚਾਰੀ ਅਤੇ ਇੱਕ ਐਸਕਾਟ ਕਾਰ, ਜਿਸ ’ਚ ਚਾਰ ਪੁਲਿਸ ਮੁਲਜ਼ਮ ਹਨ। ਸਾਬਕਾ ਮੁੱਖ ਮੰਤਰੀ ਨੂੰ ਇੱਕ ਹਾਊਸ ਪੀਐੱਸਓ ਵੀ ਦਿੱਤਾ ਗਿਆ ਹੈ। ਦਿੱਲੀ ਪੁਲਿਸ ਸੁਰੱਖਿਆ ਯੂਨਿਟ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਇਸ ਤੋਂ ਜ਼ਿਆਦਾ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਖ਼ਤਰੇ ਦੀ ਕੋਈ ਜਾਣਕਾਰੀ ਮਿਲੇਗੀ ਤਾਂ ਸੁਰੱਖਿਆ ਹੋਰ ਵਧਾ ਦਿੱਤੀ ਜਾਵੇਗੀ। ਇਹ ਬਿਆਨ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਆਪ ਪਾਰਟੀ ਵੱਲੋਂ ਚੁੱਕੇ ਗਏ ਸਵਾਲ ’ਤੇ ਦਿੱਲੀ ਪੁਲਿਸ ਵੱਲੋਂ ਮੀਡੀਆਂ ਨੂੰ ਨਸ਼ਰ ਕੀਤੇ ਗਏ।
ਰੋਜ਼ ਵੱਡੀ ਗਿਣਤੀ ’ਚ ਪੰਜਾਬ ਦੇ ਨੇਤਾ ਦਿੱਲੀ ਆ ਰਹੇ
ਕਾਫ਼ੀ ਸਮੇਂ ਤੋਂ ਪੰਜਾਬ ਦੇ ਨੇਤਾ ਪੰਜਾਬ ਪੁਲਿਸ ਸੁਰੱਖਿਆ ਕਰਮਚਾਰੀਆਂ ਨੂੰ ਲੈ ਕੇ ਦਿੱਲੀ ਆਉਂਦੇ ਰਹੇ। ਦਿੱਲੀ ਪੁਲਿਸ ਦੀ ਸੁਰੱਖਿਆ ਯੂਨਿਟ ਨੂੰ ਇਸਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੀ। ਇਸ ਨੂੰ ਦੇਖਦੇ ਹੋਏ ਬੀਤੇ ਕੁੱਝ ਦਿਨ ਪਹਿਲਾਂ ਪੰਜਾਬ ਪੁਲਿਸ ਨੂੰ ਇੱਕ ਚਿੱਠੀ ਲਿਖ ਕੇ ਪੰਜਾਬ ਪੁਲਿਸ ਤੋਂ ਸੁਰੱਖਿਆ ਪਾਉਣ ਵਾਲੇ ਪੰਜਾਬ ਦੇ ਨੇਤਾਵਾਂ ਬਾਰੇ ਜਾਣਕਾਰੀ ਮੰਗੀ ਸੀ, ਤਾਂ ਜੋ ਉਨ੍ਹਾਂ ਦੇ ਦਿੱਲੀ ਅੰਦਰ ਦਾਖ਼ਲ ਹੋਣ ’ਤੇ ਦਿੱਲੀ ਪੁਲਿਸ ਨੂੰ ਉਨ੍ਹਾਂ ਦੀ ਜਾਣਕਾਰੀ ਰਹਿ ਸਕੇ। ਗਣਤੰਤਰ ਦਿਵਸ ਸਮਾਰੋਹ ਅਤੇ ਵਿਧਾਨ ਸਭਾ ਚੋਣਾਂ ਲਈ ਰੋਜ਼ ਵੱਡੀ ਗਿਣਤੀ ’ਚ ਪੰਜਾਬ ਦੇ ਨੇਤਾ ਦਿੱਲੀ ਆ ਰਹੇ ਹਨ, ਜਿਨ੍ਹਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲੀ ਹੋਈ ਹੈ।
ਦਿੱਲੀ ਪੁਲਿਸ ਦੇ ਪੱਤਰ ਦੇ ਜਵਾਬ ’ਚ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਇੱਕ ਨੋਡਲ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ, ਜਿਹੜਾ ਦਿੱਲੀ ਪੁਲਸ ਦੇ ਸੰਪਰਕ ’ਚ ਰਹੇਗਾ ਅਤੇ ਪੰਜਾਬ ਦੇ ਮੰਤਰੀ, ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਦਿੱਲੀ ਮੂਵਮੈਂਟ ਦੀ ਜਾਣਕਾਰੀ ਸਾਂਝੀ ਕਰੇਗਾ।