ਓਲੰਪਿਕਸ ‘ਚ ਭਾਰਤੀ ਹਾਕੀ ਟੀਮ ਦੀ ਹਾਰ ਹੋ ਗਈ ਹੈ। ਓਲੰਪਿਕਸ ਵਿੱਚ ਆਸਟਰੇਲੀਆ ਖਿਲਾਫ਼ ਆਪਣੇ ਪੂਲ ਏ ਦੇ ਦੂਜੇ ਹਾਕੀ ਮੈਚ ਵਿੱਚ ਭਾਰਤ ਨੂੰ 7-1 ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੌਰਾਨ ਆਸਟਰੇਲੀਆ ਨੇ ਭਾਰਤ ਨੂੰ 7-1 ਦੇ ਵੱਡੇ ਫਰਕ ਨਾਲ ਹਰਾਇਆ।
ਇਸ ਮੈਚ ਵਿਚ ਭਾਰਤ ਨੂੰ ਛੇ ਪੈਨਲਟੀ ਕਾਰਨਰ ਮਿਲੇ ਪਰ ਇਸ ਦੌਰਾਨ ਟੀਮ ਇੱਕ ਨੂੰ ਵੀ ਗੋਲ ਵਿਚ ਬਦਲਣ ਵਿੱਚ ਅਸਫਲ ਰਹੀ। ਭਾਰਤੀ ਟੀਮ ਨੇ ਅਗਲਾ ਮੈਚ ਅਰਜਨਟੀਨਾ, ਸਪੇਨ ਅਤੇ ਜਾਪਾਨ ਨਾਲ ਖੇਡਣਾ ਹੈ। ਭਾਰਤ ਦਾ ਇਕਲੌਤਾ ਗੋਲ 34ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਕੀਤਾ। ਸਾਰੇ ਮੈਚ ਵਿਚ ਆਸਟਰੇਲੀਆ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਜਿੱਤ ਹਾਸਿਲ ਹੋਈ।
ਆਸਟਰੇਲੀਆ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਈ ਰੱਖਿਆ ਤੇ ਦੁਨੀਆਂ ਦੀ ਨੰਬਰ ਇੱਕ ਟੀਮ ਦੇ ਡੇਨੀਅਲ ਬੀਲ (10ਵੇਂ ਮਿੰਟ), ਜੋਸ਼ੁਆ ਬੈਲਟਜ਼ (26ਵੇਂ), ਐਂਡਰਿਊ ਫਲਿਨ ਓਗਿਲਵੀ (23ਵੇਂ), ਜੇਰੇਮੀ ਹੇਵਰਡ (21ਵੇਂ), ਬਲੇਕ ਗੋਵਰਜ਼ (40ਵੇਂ, 42ਵੇਂ) ਅਤੇ ਟਿਮ ਬ੍ਰਾਂਡ (51 ਵੇਂ) ਨੇ ਗੋਲ ਕੀਤੇ।
ਆਸਟਰੇਲੀਆ ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਬੀਤੇ ਦਿਨ ਉਸ ਨੇ ਜਪਾਨ ਨੂੰ ਮਾਤ ਦਿੱਤੀ ਸੀ। ਭਾਰਤ ਦੀ ਦੋ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ। ਬੀਤੇ ਦਿਨ ਉਸ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ।