ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ! ਆਰ ਅਸ਼ਵਿਨ ਨੇ ਅਚਾਨਕ ਕੀਤਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
ਨਵੀਂ ਦਿੱਲੀ,18 ਦਸੰਬਰ : ਟੀਮ ਇੰਡੀਆ ਦੇ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਬਾਰਡਰ-ਗਾਵਸਕਰ ਟਰਾਫੀ 2025 ਵਿਚਾਲੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਗਾਬਾ ਟੈਸਟ ਖਤਮ ਹੁੰਦੇ ਹੀ ਅਸ਼ਵਿਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਬੀਸੀਸੀਆਈ ਨੇ ਵੀ ਉਨ੍ਹਾਂ ਦੇ ਸੰਨਿਆਸ ਬਾਰੇ ਟਵੀਟ ਕੀਤਾ।
ਪ੍ਰੈੱਸ ਕਾਨਫਰੰਸ ‘ਚ ਦਿੱਤੀ ਇਹ ਜਾਣਕਾਰੀ
ਰਵੀਚੰਦਰਨ ਅਸ਼ਵਿਨ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ “ਮੈਂ ਆਪਣੇ ਕਰੀਅਰ ਦਾ ਆਨੰਦ ਮਾਣਿਆ ਹੈ। ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਮੈਂ ਆਪਣੇ ਅਤੇ ਆਪਣੇ ਹੋਰ ਸਾਥੀਆਂ ਨਾਲ ਬਹੁਤ ਸਾਰੀਆਂ ਯਾਦਾਂ ਬਣਾਈਆਂ ਹਨ।” ਇਸ ਤੋਂ ਇਲਾਵਾ ਅਸ਼ਵਿਨ ਨੇ ਆਪਣੀ ਐਕਸ-ਪੋਸਟ ‘ਤੇ ਲਿਖਿਆ, ”ਬਹੁਤ ਸੋਚ-ਵਿਚਾਰ ਤੋਂ ਬਾਅਦ ਮੈਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਹ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਸ਼ਾਨਦਾਰ ਯਾਤਰਾ ਰਹੀ ਹੈ, ਜੋ ਕਿ ਅਭੁੱਲ ਪਲਾਂ ਨਾਲ ਭਰੀ ਹੋਈ ਹੈ।ਟੈਸਟ ਕ੍ਰਿਕਟ ਹਮੇਸ਼ਾ ਮੇਰੇ ਦਿਲ ‘ਚ ਖਾਸ ਜਗ੍ਹਾ ਰੱਖੇਗਾ।”
ਭਲਕੇ ਭਾਰਤ ਪਰਤਣਗੇ ਅਸ਼ਵਿਨ: ਰੋਹਿਤ ਸ਼ਰਮਾ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ਜਦੋਂ ਮੈਂ ਪਰਥ ਆਇਆ ਸੀ ਤਾਂ ਅਸ਼ਵਿਨ ਨੇ ਮੈਨੂੰ ਆਪਣੇ ਸੰਨਿਆਸ ਬਾਰੇ ਦੱਸਿਆ ਸੀ। ਜੇਕਰ ਕੋਈ ਖਿਡਾਰੀ ਕੋਈ ਫੈਸਲਾ ਲੈਂਦਾ ਹੈ ਤਾਂ ਉਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਸ਼ਵਿਨ ਭਲਕੇ ਭਾਰਤ ਪਰਤਣਗੇ।ਦੱਸ ਦਈਏ ਕਿ ਆਫ ਸਪਿਨਰ ਅਸ਼ਵਿਨ ਨੇ ਤਿੰਨੋਂ ਫਾਰਮੈਟਾਂ ਸਮੇਤ 287 ਮੈਚ ਖੇਡੇ ਅਤੇ 765 ਵਿਕਟਾਂ ਲਈਆਂ। ਅਸ਼ਵਿਨ ਭਾਰਤ ਦੇ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਤੋਂ ਅੱਗੇ ਸਿਰਫ ਅਨਿਲ ਕੁੰਬਲੇ ਹਨ, ਜਿਨ੍ਹਾਂ ਨੇ 953 ਵਿਕਟਾਂ ਲਈਆਂ ਹਨ।