ਖੇਤੀ ਮੰਤਰੀ ਨੇ ਸੰਸਦ ‘ਚ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਦਾ ਦਿੱਤਾ ਜਵਾਬ
ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਕੂਚ ਦੇ ਐਲਾਨ ਵਿਚਾਲੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਰਾਜਸਭਾ ’ਚ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਸਾਰੀਆਂ ਖੇਤੀ ਪੈਦਾਵਾਰਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦੇਗੀ। ਪ੍ਰਸ਼ਨਕਾਲ ਦੌਰਾਨ ਕਿਸਾਨਾਂ ਨੂੰ ਐੱਮਐੱਸਪੀ ਦੇ ਮੁੱਦੇ ’ਤੇ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਸ਼ਿਵਰਾਜ ਨੇ ਕਿਹਾ ਕਿ ਮੈਂ ਸਦਨ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਕਿਸਾਨਾਂ ਦੀਆਂ ਸਾਰੀਆਂ ਪੈਦਾਵਾਰਾਂ ਐੱਮਐੱਸਪੀ ’ਤੇ ਖਰੀਦੀਆਂ ਜਾਣਗੀਆਂ। ਇਹ ਮੋਦੀ ਸਰਕਾਰ ਹੈ ਤੇ ਇਹ ਮੋਦੀ ਦੀ ਗਾਰੰਟੀ ਨੂੰ ਪੂਰਾ ਕਰਨ ਦੀ ਗਾਰੰਟੀ ਹੈ। ਜਦੋਂ ਮੇਰੇ ਵਿਰੋਧੀ ਧਿਰ ਦੇ ਦੋਸਤ ਸੱਤਾ ’ਚ ਸਨ, ਤਾਂ ਉਨ੍ਹਾਂ ਕਿਹਾ ਸੀ ਕਿ ਉਹ ਐੱਮਐੱਸ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਨਹੀਂ ਕਰਨਗੇ। ਖਾਸ ਤੌਰ ’ਤੇ ਪੈਦਾਵਾਰ ਦੀ ਲਾਗਤ ’ਤੇ 50 ਫ਼ੀਸਦੀ ਜ਼ਿਆਦਾ ਦੇਣ ਦੀ ਗੱਲ ’ਤੇ।
ਕਾਂਗਰਸ ਨੂੰ ਸ਼ੀਸ਼ਾ ਦਿਖਾਉਣ ਤੋਂ ਨਹੀਂ ਟਲੇ
ਇਸਦੇ ਨਾਲ ਹੀ ਸ਼ਿਵਰਾਜ ਕਾਂਗਰਸ ਨੂੰ ਸ਼ੀਸ਼ਾ ਦਿਖਾਉਣ ਤੋਂ ਨਹੀਂ ਟਲੇ। ਉਨ੍ਹਾਂ ਕਿਹਾ ਕਿ ਸੱਤਾ ’ਚ ਰਹਿਣ ਦੌਰਾਨ ਕਾਂਗਰਸ ਨੇ ਕਿਸਾਨਾਂ ਨੂੰ ਕਦੇ ਐੱਮਐੱਸਪੀ ਨਹੀਂ ਦਿੱਤੀ ਸੀ। ਦੂਜੇ ਪਾਸੇ ਮੋਦੀ ਸਰਕਾਰ ਕਿਸਾਨਾਂ ਨੂੰ 50 ਫ਼ੀਸਦੀ ਤੋਂ ਜ਼ਿਆਦਾ ਦੀ ਐੱਮਐੱਸਪੀ ਦੇ ਰਹੀ ਹੈ, ਜਿਸ ਵਿਚ ਉਹ ਪਿਛਲੇ 10 ਸਾਲਾਂ ਤੋਂ ਲਗਾਤਾਰ ਵਾਧਾ ਵੀ ਕਰ ਰਹੀ ਹੈ।
ਖੇਤੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਨੂੰ ਲੈ ਕੇ ਮੋਦੀ ਸਰਕਾਰ ਅੱਗੇ ਵੱਧ ਰਹੀ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2015 ’ਚ ਇਸ ਮੰਤਰਾਲੇ ਦਾ ਨਾਂ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਰੱਖਿਆ ਗਿਆ। ਇਸ ਤੋਂ ਪਹਿਲਾਂ ਕਿਸਾਨ ਭਲਾਈ ਨਾਲ ਇਸ ਮੰਤਰਾਲੇ ਦਾ ਕੋਈ ਸਬੰਧ ਨਹੀਂ ਸੀ। ਉਨ੍ਹਾਂ ਵਿਰੋਧੀ ਧਿਰ ਵਲੋਂ ਕਿਸਾਨਾਂ ਦੀ ਕਰਜ਼ ਮਾਫ਼ੀ ਨੂੰ ਲੈ ਕੇ ਕੀਤੇ ਗਏ ਸਵਾਲ ਦਾ ਜਵਾਬ ਵੀ ਦਿੱਤਾ।
ਵਿਕਸਤ ਭਾਰਤ ਦਾ ਸੰਕਲਪ
ਕਿਹਾ ਕਿ ਕਿਸਾਨ ਦੀ ਭਲਾਈ ਲਈ ਮੋਦੀ ਸਰਕਾਰ ਦੀਆਂ ਛੇ ਤਰਜੀਹਾਂ ਹਨ- ਅਸੀਂ ਪੈਦਾਵਾਰ ਵਧਾਵਾਂਗੇ, ਪੈਦਾਵਾਰ ਦੀ ਲਾਗਤ ਘਟਾਵਾਂਗੇ, ਪੈਦਾਵਾਰ ਦਾ ਸਹੀ ਮੁੱਲ ਦੇਵਾਂਗੇ, ਫਸਲ ’ਚ ਜੇਕਰ ਨੁਕਸਾਨ ਹੋਵੇ ਤਾਂ ਉਸਦੀ ਪੂਰਤੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਹੀਂ ਕਰਾਂਗੇ, ਅਸੀਂ ਖੇਤੀ ਦਾ ਵਿਭਿੰਨੀਕਰਨ ਕਰਾਂਗੇ ਤੇ ਕੁਦਰਤੀ ਖੇਤੀ ਵੱਲ ਲਿਜਾ ਕੇ ਕਿਸਾਨਾਂ ਦੀ ਆਮਦਨ ਏਨੀ ਵਧਾਵਾਂਗੇ ਕਿ ਵਾਰ-ਵਾਰ ਕਿਸਾਨ ਕਰਜ਼ ਮਾਫ਼ੀ ਦੀ ਮੰਗ ਨਹੀਂ ਕਰਨਗੇ। ਅਸੀਂ ਆਮਦਨ ਵਧਾਉਣ ’ਚ ਭਰੋਸਾ ਰੱਖਦੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਵਿਕਸਤ ਭਾਰਤ ਦਾ ਸੰਕਲਪ ਲਿਆ ਹੈ। ਉਸਦਾ ਇਕ ਰੋਡਮੈਪ ਅਸੀਂ ਵੀ ਬਣਾਇਆ ਹੈ, ਜਿਸਨੂੰ ਪੂਰਾ ਕਰਨ ’ਚ ਕੋਈ ਕਸਰ ਨਹੀਂ ਛੱਡਾਂਗੇ।
ਇਹ ਵੀ ਪੜ੍ਹੋ : Pushpa 2 ਨੇ ਮਚਾਈ ਤਬਾਹੀ, ਦੋ ਦਿਨਾਂ ‘ਚ ਹੀ ਕਰ ਲਈ ਇੰਨੀ ਕਮਾਈ
ਲਾਡਲੀ ਭੈਣਾਂ ਦੇ ਭਰਾ ਦੇ ਤੌਰ ’ਤੇ ਜਾਣਿਆ ਜਾਂਦਾ
ਸ਼ਿਵਰਾਜ ਸਿੰਘ ਚੌਹਾਨ ਨੂੰ ਹਾਲੇ ਤੱਕ ਵੈਸੇ ਤਾਂ ਲਾਡਲੀ ਭੈਣਾਂ ਦੇ ਭਰਾ ਦੇ ਤੌਰ ’ਤੇ ਹੀ ਜਾਣਿਆ ਜਾਂਦਾ ਹੈ ਪਰ ਸ਼ੁੱਕਰਵਾਰ ਨੂੰ ਰਾਜਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਕਿਸਾਨਾਂ ਦੇ ਲਾਡਲੇ ਦਾ ਨਾਂ ਦਿੱਤਾ। ਹੋਇਆ ਇਹ ਕਿ ਸ਼ੁੱਕਰਵਾਰ ਨੂੰ ਜਦੋਂ ਚੌਹਾਨ ਰਾਜਸਭਾ ’ਚ ਪ੍ਰਸ਼ਨਕਾਲ ਦੌਰਾਨ ਖੇਤੀ ਨਾਲ ਜੁੜੇ ਸਵਾਲਾਂ ਦਾ ਜਵਾਬ ਦੇ ਰਹੇ ਸਨ, ਤਾਂ ਧਨਖੜ ਨੇ ਉਨ੍ਹਾਂ ਦੇ ਜਵਾਬ ਤੋਂ ਖੁਸ਼ ਹੋ ਕੇ ਕਿਹਾ ਕਿ ਜਿਸ ਆਦਮੀ ਦੀ ਪਛਾਣ ਦੇਸ਼ ’ਚ ਲਾਡਲੀ ਭੈਣਾਂ ਦੇ ਭਰਾ ਦੇ ਨਾਂ ਨਾਲ ਹੈ, ਹੁਣ ਉਹ ਕਿਸਾਨਾਂ ਦਾ ਲਾਡਲਾ ਭਰਾ ਵੀ ਹੋਵੇਗਾ। ਮੈਂ ਪੂਰੀ ਤਰ੍ਹਾਂ ਆਸਵੰਦ ਹਾਂ ਕਿ ਊਰਜਾਵਾਨ ਮੰਤਰੀ ਆਪਣੇ ਨਾਂ ਸ਼ਿਵਰਾਜ ਦੇ ਮੁਤਾਬਕ ਇਹ ਕਰ ਕੇ ਦਿਖਾਉਣਗੇ। ਅੱਜ ਤੋਂ ਮੈਂ ਤੁਹਾਡਾ ਨਾਮਕਰਨ ਕਰ ਦਿੱਤਾ- ਕਿਸਾਨਾਂ ਦੇ ਲਾਡਲੇ।