ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨਾਂ ਦੇ ਦਿੱਲੀ ਮਾਰਚ ‘ਤੇ ਰੋਕਾਂ ਲਾਉਣ ਅਤੇ ਹੰਝੂ ਗੈਸ ਦੇ ਗੋਲੇ ਵਰਾਉਣ ਦੀ ਨਿਖੇਧੀ
ਚੰਡੀਗੜ੍ਹ 6 ਦਸੰਬਰ: ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਨੇ ਸੰਭੂ ਬਾਰਡਰ ਤੇ ਦਿੱਲੀ ਵੱਲ ਪੈਦਲ ਮਾਰਚ ਕਰ ਰਹੇ ਕਿਸਾਨਾਂ ਉੱਤੇ ਹੰਝੂ ਗੈਸ ਦੀ ਵਰਤੋਂ ਕਰਨ ਅਤੇ ਪਾਬੰਦੀਆਂ ਮੜ ਕੇ ਰੋਕਾਂ ਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਪੰਜਾਬ ਦੇ ਸੰਭੂ ਸਮੇਤ ਹਰਿਆਣਾ ਨਾਲ ਲੱਗਦੇ ਬਾਕੀ ਬਾਰਡਰ ਸੀਲ ਕਰਕੇ ਭਾਜਪਾ ਦੀ ਕੇਂਦਰ ਅਤੇ ਹਰਿਆਣਾ ਸਰਕਾਰ ਇੱਕ ਤਰ੍ਹਾਂ ਨਾਲ ਪੰਜਾਬ ਦੇ ਕਿਸਾਨਾਂ ਅੰਦਰ ਬੇਗਾਨਗੀ ਦੀ ਭਾਵਨਾ ਦਾ ਮੰਦਭਾਗਾ ਅਹਿਸਾਸ ਪੈਦਾ ਕਰ ਰਹੀਆਂ ਹਨ। ਕਿਸਾਨਾਂ ਨਾਲ ਕਿਸੇ ਦੁਸ਼ਮਣ ਦੇਸ਼ ਦੇ ਨਾਗਰਿਕਾਂ ਵਾਂਗੂੰ ਵਿਹਾਰ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਸ਼ਾਂਤਮਈ ਪੈਦਲ ਮਾਰਚ ਕਰ ਰਹੇ ਕਿਸਾਨਾਂ ਉੱਤੇ ਜਬਰ ਬੰਦ ਕੀਤਾ ਜਾਵੇ ਅਤੇ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨਾਂ ਦੀਆਂ ਬਕਾਇਆ ਮੰਗਾਂ ਨੂੰ ਮੰਨਕੇ ਲਾਗੂ ਕੀਤਾ ਜਾਵੇ।
ਇਹ ਵੀ ਪੜੋ: ਸਪੀਕਰ ਸੰਧਵਾ ਨੇ ਡਾ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਸਥਾਪਨਾ ਸਮਾਰੋਹ ਵਿਚ ਕੀਤੀ ਸ਼ਿਰਕਤ
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ,ਹਰਿੰਦਰ ਸਿੰਘ ਲੱਖੋਵਾਲ,ਮਨਜੀਤ ਸਿੰਘ ਧਨੇਰ, ਬਲਦੇਵ ਸਿੰਘ ਨਿਹਾਲਗੜ੍ਹ, ਹਰਮੀਤ ਸਿੰਘ ਕਾਦੀਆਂ, ਰਾਮਿੰਦਰ ਸਿੰਘ ਪਟਿਆਲਾ, ਜੰਗਵੀਰ ਸਿੰਘ ਚੌਹਾਨ,ਬੂਟਾ ਸਿੰਘ ਬੁਰਜਗਿੱਲ, ਡਾ ਸਤਨਾਮ ਸਿੰਘ ਅਜਨਾਲਾ, ਗੁਰਮੀਤ ਸਿੰਘ ਮਹਿਮਾ, ਬਿੰਦਰ ਸਿੰਘ ਗੋਲੇਵਾਲਾ, ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗੂ,ਬੋਘ ਸਿੰਘ ਮਾਨਸਾ, ਬਲਜੀਤ ਸਿੰਘ ਗਰੇਵਾਲ, ਫੁਰਮਾਨ ਸਿੰਘ ਸੰਧੂ,ਨਛੱਤਰ ਸਿੰਘ ਜੈਤੋ, ਵੀਰ ਸਿੰਘ ਬੜਵਾ, ਮੁਕੇਸ਼ ਚੰਦਰ, ਮਲੂਕ ਸਿੰਘ ਹੀਰਕੇ, ਹਰਬੰਸ ਸਿੰਘ ਸੰਘਾ,ਹਰਜਿੰਦਰ ਸਿੰਘ ਟਾਂਡਾ,ਸੁਖ ਗਿੱਲ, ਹਰਦੇਵ ਸਿੰਘ ਸੰਧੂ, ਹਰਵਿੰਦਰ ਸਿੰਘ ਅਤੇ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਨਾਲ ਮੰਗਾਂ ਮੰਨਣ ਦਾ ਲਿਖਤੀ ਵਾਅਦਾ ਕਰਕੇ ਵੀ ਮੁੱਕਰ ਗਈ। ਹੁਣ ਵੀ ਸਰਕਾਰ ਦੇ ਵਜ਼ੀਰ ਕਿਸਾਨਾਂ ਦੀ ਭਲਾਈ ਦੇ ਦਮਗਜ਼ੇ ਮਾਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡਦੇ ਪਰ ਇਸਦੇ ਬਾਵਜੂਦ ਖੇਤੀ ਖੇਤਰ ਦਾ ਸੰਕਟ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਐਮ ਐਸ ਪੀ ਤੇ ਖ੍ਰੀਦ ਦੀ ਕਾਨੂੰਨੀ ਗਾਰੰਟੀ ਅਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਇਸ ਸੰਕਟ ਵਿਚੋਂ ਕੱਢਣ ਲਈ ਫੌਰੀ ਕਦਮ ਹਨ ਜਿਨ੍ਹਾਂ ਨੂੰ ਚੁੱਕਣ ਵਿੱਚ ਕੇਂਦਰ ਸਰਕਾਰ ਫੇਲ ਸਾਬਤ ਹੋਈ ਹੈ।