ਕੈਨੇਡਾ ਸਰਕਾਰ ਨੇ 7 ਸਤੰਬਰ ਤੋਂ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਉੱਥੇ ਆਉਣ ਦੀ ਆਗਿਆ ਦੇ ਦਿੱਤੀ ਹੈ। ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ 7 ਸਤੰਬਰ, 2021 ਤੋਂ ਦੇਸ਼ ਦੀਆਂ ਸਰਹੱਦਾਂ ਨੂੰ ਅੰਤਰਰਾਸ਼ਟਰੀ ਟੂਰਿਜ਼ਮ ਲਈ ਖੋਲ੍ਹ ਦਿੱਤਾ ਜਾਵੇਗਾ। ਭਾਵੇਂਕਿ ਕੈਨੇਡਾ ਨੇ 21 ਅਗਸਤ ਤੱਕ ਲਈ ਭਾਰਤ ਤੋਂ ਆਉਣ ਵਾਲੇ ਜਹਾਜ਼ਾਂ ‘ਤੇ ਰੋਕ ਲਗਾ ਦਿੱਤੀ ਹੈ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੀਆਂ ਸਰਹੱਦਾਂ ਨੂੰ ਉਹਨਾਂ ਲੋਕਾਂ ਲਈ ਖੋਲ੍ਹੇਗਾ ਜਿਹਨਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਣਗੀਆਂ। ਬਿਆਨ ਅਨੁਸਾਰ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਕੈਨੇਡਾ ਪਹੁੰਚਣ ਤੋਂ ਪਹਿਲਾਂ ਕਰੀਬ 14 ਦਿਨ ਪਹਿਲਾਂ ਲੈਣੀ ਜ਼ਰੂਰੀ ਹੋਵੇਗੀ।
ਇਸ ਦੇ ਇਲਾਵਾ ਕੈਨੇਡਾ ਵਿਚ ਆਉਣ ਵਾਲਿਆਂ ਨੂੰ ਏਰੀਵਾਕੈਨ (ਐਪ ਅਤੇ ਵੈਬ ਪੋਰਟਲ) ‘ਤੇ ਆਪਣੇ ਟੂਰਿਜ਼ਮ ਨਾਲ ਜੁੜੀ ਸਾਰੀ ਜਾਣਕਾਰੀ ਸਾਂਝੀ ਕਰਨੀ ਹੋਵੇਗੀ। ਜੇਕਰ ਉਹ ਬਣਾਏ ਤੈਅ ਨਿਯਮਾਂ ਨੂੰ ਪੂਰਾ ਕਰਦਾ ਹੋਵੇਗਾ ਅਤੇ ਉਸ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹੋਣਗੀਆਂ ਤਾਂ ਅਜਿਹੇ ਵਿਅਕਤੀ ਨੂੰ ਕੈਨੇਡਾ ਪਹੁੰਚਣ ‘ਤੇ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ। ਪਹਿਲੇ ਪੜਾਅ ਦੌਰਾਨ ਕੈਨੇਡਾ ਸਰਕਾਰ ਨੇ 9 ਅਗਸਤ, 2021 ਤੋਂ ਅਮਰੀਕੀ ਨਾਗਰਿਕਾਂ ਅਤੇ ਕੈਨੇਡਾ ਦੇ ਸਥਾਈ ਵਸਨੀਕਾਂ ਨੂੰ, ਜੋ ਫਿਲਹਾਲ ਅਮਰੀਕਾ ਵਿਚ ਰਹਿ ਰਹੇ ਹਨ ਅਤੇ ਜਿਹੜੇ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਹਨ, ਕੈਨੇਡਾ ਆ ਸਕਣਗੇ
ਇਸ ਸੰਬੰਧ ‘ਚ ਸਰਕਾਰ ਦਾ ਕਹਿਣਾ ਹੈ ਕਿ ਉਹ ਸਾਹਮਣੇ ਆ ਰਹੇ ਕੋਰੋਨਾ ਦੇ ਨਵੇਂ ਵੈਰੀਐਂਟਾਂ ਨੂੰ ਲੈ ਕੇ ਗੰਭੀਰ ਹਨ। ਇਸ ਤਰ੍ਹਾਂ ਦੀ ਰਣਨੀਤੀ ਅਤੇ ਲੜੀਬੱਧ ਢੰਗ ਨਾਲ ਮਹਾਂਮਾਰੀ ਦੇ ਪ੍ਰਤੀ ਸੁਰੱਖਿਆ ਦਾ ਦਾਇਰਾ ਵਧਾਇਆ ਜਾ ਸਕਦਾ ਹੈ। ਇਸ ਦੇ ਇਲਾਵਾ ਇਸ ਤਰ੍ਹਾਂ ਨਾਲ ਕੈਨੇਡਾ ਵਿਚ ਕੋਵਿਡ-19 ਦੇ ਹਾਲਾਤ ‘ਤੇ ਤਿੱਖੀ ਨਜ਼ਰ ਰੱਖੀ ਜਾ ਸਕਦੀ ਹੈ। ਨਵੀਂ ਰਣਨੀਤੀ ਬਣਾਈ ਜਾ ਸਕਦੀ ਹੈ ਅਤੇ ਤੇਜ਼ੀ ਨਾਲ ਫ਼ੈਸਲੇ ਲਏ ਜਾ ਸਕਦੇ ਹਨ। ਲੋੜ ਪੈਣ ‘ਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਕੈਨੇਡਾ ਆਉਣ ਤੋਂ ਰੋਕਿਆ ਵੀ ਜਾ ਸਕਦਾ ਹੈ।
ਭਾਰਤ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਫਿਲਹਾਲ ਰੋਕਣ ਬਾਰੇ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਇਹ ਫ਼ੈਸਲਾ ਇੱਥੇ ਡੈਲਟਾ ਵੈਰੀਐਂਟ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਲਿਆ ਗਿਆ। ਇਸਦੇ ਨਾਲ ਹੀ ਕੈਨੇਡਾ ਸਰਕਾਰ ਨੇ ਭਾਰਤੀ ਉਡਾਣਾਂ ‘ਤੇ 21 ਅਗਸਤ ਤੱਕ ਪਾਬੰਦੀ ਲਗਾ ਦਿੱਤੀ ਹੈ।









