ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਤੋਂ; ਆਮ ਲੋਕਾਂ ਨਾਲ ਸਬੰਧਤ ਇਹ ਬਿੱਲ ਪੇਸ਼ ਕਰੇਗੀ ਸਰਕਾਰ
ਨਵੀ ਦਿੱਲੀ : ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ 25 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ 20 ਦਸੰਬਰ ਤੱਕ ਚੱਲੇਗਾ। ਇਸ ਦੌਰਾਨ 19 ਬੈਠਕਾਂ ਹੋਣਗੀਆਂ। ਸਰਕਾਰ ਨੇ ਸੰਸਦ ਤੋਂ ਮਨਜ਼ੂਰੀ ਲਈ ਵਕਫ਼ ਸੋਧ ਬਿੱਲ ਸਮੇਤ ਕਈ ਬਿੱਲਾਂ ਦੀ ਸੂਚੀ ਤਿਆਰ ਕੀਤੀ ਹੈ। ਲੋਕ ਸਭਾ ਦੇ ਬੁਲੇਟਿਨ ਮੁਤਾਬਕ 8 ਬਿੱਲ ਲੋਕ ਸਭਾ ‘ਚ ਅਤੇ 2 ਰਾਜ ਸਭਾ ‘ਚ ਪੈਂਡਿੰਗ ਹਨ। ਸੈਸ਼ਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਕੇਰਲ ਅਤੇ ਨਾਂਦੇੜ ਸੀਟਾਂ ਤੋਂ ਉਪ ਚੋਣਾਂ ਜਿੱਤਣ ਵਾਲੇ ਦੋ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ।
ਸ਼ਿਪਿੰਗ ਸੈਕਟਰ ਨਾਲ ਸਬੰਧਤ ਬਿੱਲ ਪੇਸ਼ ਕਰੇਗੀ ਸਰਕਾਰ
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਇਸ ਸੈਸ਼ਨ ਵਿੱਚ ਪੰਜ ਨਵੇਂ ਬਿੱਲ ਪੇਸ਼ ਕਰੇਗੀ। ਇਸ ਵਿੱਚ ਸ਼ਿਪਿੰਗ ਸੈਕਟਰ ਨਾਲ ਸਬੰਧਤ ਤਿੰਨ ਬਿੱਲ ਸ਼ਾਮਲ ਹਨ। ਸਰਕਾਰ ਕੋਸਟਲ ਸ਼ਿਪਿੰਗ ਬਿੱਲ, ਇੰਡੀਅਨ ਪੋਰਟਸ ਬਿੱਲ, ਮਰਚੈਂਟ ਸ਼ਿਪਿੰਗ ਬਿੱਲ ਪੇਸ਼ ਕਰੇਗੀ ਇਹ ਤਿੰਨੋਂ ਬਿੱਲ ਭਾਰਤੀ ਸ਼ਿਪਿੰਗ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।
ਬੈਂਕਿੰਗ ਕਾਨੂੰਨ (ਸੋਧ) ਬਿੱਲ, 2024 ਕੀਤਾ ਜਾਵੇਗਾ ਪੇਸ਼
ਸਰਕਾਰ ਬੈਂਕਿੰਗ ਨਿਯਮਾਂ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਲਈ ਸਰਕਾਰ ਬੈਂਕਿੰਗ ਕਾਨੂੰਨ (ਸੋਧ) ਬਿੱਲ, 2024 ਪੇਸ਼ ਕਰਨ ਜਾ ਰਹੀ ਹੈ। ਇਸ ਬਿੱਲ ‘ਚ ਬੈਂਕ ਖਾਤੇ ‘ਚ ਉਤਰਾਧਿਕਾਰੀਆਂ ਦੀ ਗਿਣਤੀ 4 ਹੋ ਜਾਵੇਗੀ, ਯਾਨੀ ਹੁਣ ਖਾਤਾਧਾਰਕ ਆਪਣੇ ਖਾਤੇ ‘ਚ ਚਾਰ ਲੋਕਾਂ ਨੂੰ ਨਾਮਜ਼ਦ ਕਰ ਸਕੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਬੈਂਕਿੰਗ ਕਾਨੂੰਨ (ਸੋਧ) ਬਿੱਲ, 2024 ਪੇਸ਼ ਕਰੇਗੀ।