ਪਟਿਆਲਾ ਪੁਲਿਸ ਵੱਲੋਂ ਚੋਰੀ ਤੇ ਲੁੱਟਾਂ-ਖੋਹਾਂ ਕਰਨ ਵਾਲਾ ਗੈਂਗ ਕਾਬੂ
ਪਟਿਆਲਾ: ਮਾਡਲ ਟਾਊਨ ਪੁਲਿਸ ਚੌਂਕੀ ਦੀ ਪੁਲਿਸ ਟੀਮ ਨੇ ਚੋਰੀ ਤੇ ਲੁੱਟਾਂ-ਖੋਹਾਂ ਕਰਨ ਵਾਲਾ ਪੰਜ ਮੈਂਬਰੀ ਭਗੌੜਾ ਗੈਂਗ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਦੋ ਪਿਸਤੌਲ 32, ਅੱਠ ਜਿੰਦਾ ਕਾਰਤੂਸ, ਗਹਿਣੇ ਤੇ ਹੋਰ ਸਮਾਨ ਬਰਾਮਦ ਕੀਤਾ ਹੈ। ਥਾਣਾ ਸਿਵਲ ਲਾਇਲ ਪੁਲਿਸ ਮੁਖੀ ਅੰਮ੍ਰਿਤਵੀਰ ਸਿੰਘ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਚੌਂਕੀ ਇੰਚਾਰਜ ਰਣਜੀਤ ਸਿੰਘ ਦੀ ਟੀਮ ਨੇ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਖਾਲੀ ਕਮਰੇ ਵਿੱਚ ਬੈਠ ਕੇ ਡਾਕਾ ਮਾਰਨ ਸਬੰਧੀ ਵਿਉਤਬੰਦੀ
ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਰੋਬਿਨ ਕੁਮਾਰ ਉਰਫ ਰੈਂਬੋ, ਦੀਪਕ ਕੁਮਾਰ ਉਰਫ ਦੀਪੂ ਆਦਿ ਕੋਲ ਮਾਰੂ ਹਥਿਆਰ ਹਨ ਤੇ ਬਡੂੰਗਰ ਸਥਿਤ ਮੜੀਆਂ ਕੋਲ ਖਾਲੀ ਕਮਰੇ ਵਿੱਚ ਬੈਠ ਕੇ ਡਾਕਾ ਮਾਰਨ ਸਬੰਧੀ ਵਿਉਤਬੰਦੀ ਕਰ ਰਹੇ ਹਨ। ਪੁਲਿਸ ਨੇ ਛਾਪਾ ਮਾਰ ਕੇ ਰੋਬਿਨ ਉਰਫ ਰੈਂਬੋ ਵਾਸੀ ਹਕੀਮਾ ਸਟਰੀਟ ਨਾਭਾ, ਦੀਪਕ ਕੁਮਾਰ ਉਰਫ ਦੀਪੂ ਵਾਸੀ ਬਾਜੀਗਰ ਬਸਤੀ ਨਾਭਾ, ਮਨਪ੍ਰੀਤ ਸਿੰਘ ਉਰਫ ਮੱਲੀ ਵਾਸੀ ਸੁਖਰਾਮ ਕਲੋਨੀ ਪਟਿਆਲਾ, ਰਣਜੀਤ ਕੁਮਾਰ ਉਰਫ ਨਾਟਾ ਵਾਸੀ ਛੁੱਜੂ ਸਿੰਘ ਖਟੜਾ ਕਲੋਨੀ ਨਾਭਾ ਅਤੇ ਮਨੋਜ ਕੁਮਾਰ ਉਰਫ ਮੋਨੂੰ ਵਾਸੀ ਮਕਾਨ ਹੀਰਾ ਮਹਿਲ ਕਲੋਨੀ ਨਾਭਾ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਦੌਰਾਨ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਅਨੁਸਾਰ ਗੈਂਗ ਦਾ ਸਰਗਨਾ ਰਣਜੀਤ ਕੁਮਾਰ ਉਰਫ ਨਾਟਾ ਹੈ। ਇਹਨਾਂ ਮੁਲਜਮਾਂ ਦੀਆਂ ਆਪਸੀ ਮੁਲਾਕਾਤਾਂ ਪਟਿਆਲਾ ਅਤੇ ਨਾਭਾ ਜੇਲਾਂ ਵਿੱਚ ਹੋਈਆਂ ਸਨ। ਜੇਲਾਂ ਤੋ ਬਾਹਰ ਆ ਕੇ ਇਨ੍ਹਾਂ ਨੇ ਗੈਂਗ ਬਣਾ ਕੇ ਮਾਰੂ ਹਥਿਆਰਾਂ ਨਾਲ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੀ ਯੋਜਨਾ ਬਣਾਈ ਸੀ। ਜਿਨ੍ਹਾਂ ਕੋਲੋਂ ਪਹਿਲਾਂ ਕੀਤੀ ਗਈ ਵਾਰਦਾਤ ਦੇ ਕਰੀਬ 23 ਤੋਲੇ ਸੋਨਾ ਗਹਿਣੇ ਵੀ ਬਰਾਮਦ ਕੀਤੇ ਗਏ ਹਨ।