ਐਮਆਰ ਕਾਲਜ ਵਿੱਚ ਤਾਇਨਾਤ ਗੈਸਟ ਫੈਕਲਟੀ ਲੈਕਚਰਾਰ ਨੇ ਕੱਢਿਆ ਕੈਂਡਲ ਮਾਰਚ
ਫਾਜ਼ਿਲਕਾ ਦੇ ਐਮਆਰ ਕਾਲਜ ਵਿੱਚ ਤਾਇਨਾਤ ਗੈਸਟ ਫੈਕਲਟੀ ਲੈਕਚਰਾਰ ਨੇ ਵਿਦਿਆਰਥੀਆਂ ਨਾਲ ਮਿਲ ਕੇ ਬੁੱਧਵਾਰ ਰਾਤ ਨੂੰ ਸ਼ਹਿਰ ਭਰ ਵਿੱਚ ਕੈਂਡਲ ਮਾਰਚ ਕੱਢਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ-ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਛੁਡਾਊ ਮੁਹਿੰਮ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਹੋਏ ਸ਼ਾਮਲ
ਡੀਸੀ ਦਫ਼ਤਰ ਅੱਗੇ ਹੜਤਾਲ ’ਤੇ ਬੈਠੇ ਗੈਸਟ ਫੈਕਲਟੀ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਕਾਲਜ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਪਰ ਸਰਕਾਰ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਐਮਆਰ ਕਾਲਜ ਦੇ ਲੈਕਚਰਾਰ ਤਨਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ 2033 ਮਨਜ਼ੂਰਸ਼ੁਦਾ ਅਸਾਮੀਆਂ ਹਨ ਅਤੇ ਸਰਕਾਰੀ ਐਮਆਰ ਕਾਲਜ, ਫਾਜ਼ਿਲਕਾ ਵਿੱਚ 36 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 20 ਦੇ ਕਰੀਬ ਗੈਸਟ ਫੈਕਲਟੀ ਲੈਕਚਰਾਰ ਕੰਮ ਕਰ ਰਹੇ ਹਨ ਜਿਸ ਵਿੱਚ 16 ਅਸਾਮੀਆਂ ਖਾਲੀ ਪਈਆਂ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਕੋਈ ਪੱਕੀ ਭਰਤੀ ਨਹੀਂ ਹੋਈ ਹੈ, ਇਹੀ ਕਾਰਨ ਹੈ ਕਿ ਇੰਨੇ ਸਾਲਾਂ ਤੋਂ ਸਰਕਾਰੀ ਕਾਲਜਾਂ ਨੂੰ ਸਿਰਫ਼ ਗੈਸਟ ਫੈਕਲਟੀ ਲੈਕਚਰਾਰਾਂ ਨੇ ਹੀ ਆਪਣੇ ਪੱਧਰ ‘ਤੇ ਚਲਾਇਆ ਹੈ।
ਬਰਾਬਰ ਤਨਖਾਹ ਸਕੇਲ ਦੀ ਮੰਗ
ਪਰ ਹੁਣ ਸਰਕਾਰ ਨੇ 1158 ਲੈਕਚਰਾਰਾਂ ਦੀ ਨਵੀਂ ਭਰਤੀ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ ਅਦਾਲਤ ਦੇ ਹੁਕਮਾਂ ਤਹਿਤ ਹੋਇਆ ਹੈ, ਜਿਸ ਵਿੱਚ ਗੈਸਟ ਫੈਕਲਟੀ ਲੈਕਚਰਾਰਾਂ ਦੇ 850 ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦਾ ਰਸਤਾ ਵਿਖਾਇਆ ਜਾ ਰਿਹਾ ਹੈ ਇਸ ਲਈ ਉਹ ਮੰਗ ਕਰ ਰਹੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾਅ ਰਹੇ ਗੈਸਟ ਫੈਕਲਟੀ ਲੈਕਚਰਾਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ ਭਾਵੇਂ ਉਸ ਨੂੰ ਡੈਮੋਕਰੇਟਿਕ ਟੀਚਰ ਫਰੰਟ ਅਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਮਰਥਨ ਦਿੱਤਾ ਗਿਆ ਹੈ।