SGPC ਪ੍ਰਧਾਨ ਨੇ ਸਿੱਖ ਲੜਕੀ ‘ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਓਡੀਸਾ ‘ਚ ਭੁਵਨੇਸ਼ਵਰ ਦੇ ਇੱਕ ਪੁਲਿਸ ਥਾਣੇ ਵਿੱਚ ਸਿੱਖ ਫ਼ੌਜੀ ਅਫਸਰ ਦੀ ਲੜਕੀ ‘ਤੇ ਕੀਤੇ ਗਏ ਹਮਲਿਆਂ ਦੀ ਸਖ਼ਤ ਨਿੰਦਿਆ ਕੀਤੀ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ
ਐਡਵੋਕੇਟ ਧਾਮੀ ਨੇ ਕਿਹਾ ਕਿ ਦੇਸ਼ ਅੰਦਰ ਮਹਿਲਾਵਾਂ ਨਾਲ ਕਈ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਸਰਕਾਰਾਂ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀਆਂ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਰਾਹੀਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਦੇਸ਼ ਦੀ ਰੱਖਿਆ ਕਰਨ ਵਾਲੇ ਫ਼ੌਜੀ ਅਫ਼ਸਰ ਦੀ ਵਕੀਲ ਬੇਟੀ ਦਾ ਪਿੱਛਾ ਕਰ ਰਹੇ ਗਲਤ ਅਨਸਰਾਂ ਤੋਂ ਬਚਣ ਲਈ ਪੁਲਿਸ ਥਾਣੇ ਵਿਚ ਜਾਂਦੀ ਹੈ, ਪਰੰਤੂ ਪੁਲਿਸ ਦੇ ਮੁਲਾਜ਼ਮ ਹੀ ਉਸ ਨਾਲ ਬਦਸਲੂਕੀ ਕਰਦੇ ਹਨ, ਜੋ ਬਹੁਤ ਗੰਭੀਰ ਮਾਮਲਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਕੰਮ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨਾ ਹੁੰਦੀ ਹੈ, ਪਰੰਤੂ ਜਦੋਂ ਪੁਲਿਸ ਅਫ਼ਸਰ ਆਪਣੇ ਡਿਊਟੀ ਨਿਭਾਉਣ ਦੀ ਬਜਾਇ ਫ਼ਰਿਆਦ ਲੈ ਕੇ ਆਏ ਲੋਕਾਂ ਨੂੰ ਹੀ ਜਲੀਲ ਕਰਨ ਤਾਂ ਇਨਸਾਫ਼ ਕਿਥੋਂ ਮਿਲੇਗਾ। ਉਨ੍ਹਾਂ ਕਿਹਾ ਕਿ ਫ਼ੌਜੀ ਦੇਸ਼ ਦੀ ਰੱਖਿਆ ਲਈ ਬਾਰਡਰਾਂ ‘ਤੇ ਡਿਊਟੀ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਜਿਹੀ ਘਟਨਾ ਵਾਪਰਨੀ ਸਰਕਾਰ ਲਈ ਹੋਰ ਵੀ ਨਮੋਸ਼ੀ ਵਾਲੀ ਗੱਲ ਹੈ।
ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ
ਐਡਵੋਕੇਟ ਧਾਮੀ ਨੇ ਓੜੀਸਾ ਸਰਕਾਰ ਨੂੰ ਸਬੰਧਤ ਪੁਲਿਸ ਮੁਲਾਜ਼ਮਾਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਲਈ ਆਖਿਆ। ਉਨ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ, ਕਿਉਂਕਿ ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਦੇਸ਼ ਅੰਦਰ ਸਿੱਖਾਂ ਨਾਲ ਨਾ- ਇਨਸਾਫ਼ੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਗ੍ਰਹਿ ਮੰਤਰੀ ਸੂਬਾ ਸਰਕਾਰ ਨੂੰ ਵੀ ਨਿਰਦੇਸ਼ ਦੇਣ।