ਡਿੰਪੀ ਢਿੱਲੋਂ ਨੇ ਦੱਸਿਆ ਅਕਾਲੀ ਦਲ ਤੋਂ ਅਸਤੀਫਾ ਦੇਣ ਦਾ ਕਾਰਨ
ਗਿੱਦੜਬਾਹਾ ਵਿਧਾਨ ਸਭਾ ਹਲਕਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਆਪਣੇ ਅਸਤੀਫੇ ‘ਚ ਕਿਹਾ ਕਿ ਉਨ੍ਹਾਂ ਪਿਛਲੇ 4 ਦਹਾਕਿਆਂ ਤੋਂ ਪਾਰਟੀ ਦੀ ਦਿਨ-ਰਾਤ ਸੇਵਾ ਕੀਤੀ। ਇਸ ਤੋਂ ਇਲਾਵਾ ਡਿੰਪੀ ਢਿੱਲੋਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਆਪਣੇ ਦਰਦ ਦਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਜਦੋਂ ਕੋਈ ਆਪਣਾ ਸੱਟ ਮਾਰਦਾ ਹੈ ਤਾਂ ਦਰਦ ਜਿਆਦਾ ਹੁੰਦਾ ਹੈ।
ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ….
ਡਿੰਪੀ ਢਿੱਲੋਂ ਨੇ ਪਾਰਟੀ ਤੋਂ ਨਰਾਜ਼ਗੀ ਪ੍ਰਗਟ ਕਰਦੇ ਕਿਹਾ ਕਿ “ਉਨ੍ਹਾਂ ਦਾ ਪਰਿਵਾਰ ਮਜ਼ਬੂਤ ਹੋ ਗਿਆ, ਸਾਡੇ ਵਰਗੇ ਤਾਂ ਬਣੇ ਹੀ ਵਰਤਣ ਲਈ ਹੁੰਦੇ ਨੇ”। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ‘ਤੇ ਸਿੱਧੇ ਨਿਸ਼ਾਨੇ ਸਾਧਦੇ ਆਖਿਆ ਕਿ “ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਚੱਲੋ ਉਨ੍ਹਾਂ ਦੀ ਮਰਜ਼ੀ”
ਦਰਅਸਲ ਉਹ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਖੁਸ਼ ਨਹੀਂ ਸਨ। ਡਿੰਪੀ ਲਗਾਤਾਰ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਜ਼ਰ ਆ ਰਹੇ ਸਨ ਪਰ ਅਜੇ ਤੱਕ ਉਨ੍ਹਾਂ ਨੂੰ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ। ਇਹੀ ਕਾਰਨ ਉਹਨ੍ਹਾਂ ਦੀ ਨਾਰਾਜ਼ਗੀ ਦਾ ਦੱਸਿਆ ਜਾ ਰਿਹਾ ਹੈ।
ਗਿੱਦੜਬਾਹਾ ਸੀਟ ‘ਤੇ ਡਿੰਪੀ ਢਿੱਲੋਂ ਦੀ ਚੰਗੀ ਪਕੜ
ਗਿੱਦੜਬਾਹਾ ਸੀਟ ‘ਤੇ ਡਿੰਪੀ ਢਿੱਲੋਂ ਦੀ ਚੰਗੀ ਪਕੜ ਹੈ, ਜਦੋਂ ਕਿ 2022 ਵਿੱਚ ਪੂਰੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ। ਪਰ ਇਸ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਸੀ। ਇਸ ਦੌਰਾਨ ਰਾਜਾ ਵੜਿੰਗ ਨੂੰ 50998 ਵੋਟਾਂ ਪਈਆਂ ਤੇ ਜਦੋਂ ਕਿ ਡਿੰਪੀ ਨੂੰ 49649 ਵੋਟਾਂ ਮਿਲੀਆਂ। ਦੋਵਾਂ ਵਿਚਾਲੇ ਜਿੱਤ ਦਾ ਫਰਕ 1349 ਵੋਟਾਂ ਦਾ ਰਿਹਾ। ਅਜਿਹੇ ‘ਚ ਡਿੰਪੀ ਢਿੱਲੋਂ ਆਪਣੇ ਆਪ ਨੂੰ ਇਸ ਸੀਟ ਲਈ ਕਾਫੀ ਮਜ਼ਬੂਤ ਦਾਅਵੇਦਾਰ ਮੰਨਦੇ ਹਨ।