ਨਸ਼ੇ ਦੀ ਓਵਰਡੋਜ਼ ਕਾਰਨ ਅੰਮ੍ਰਿਤਪਾਲ ਸਿੰਘ ਦੀ ਹੋਈ ਮੌਤ
ਦੇਸ਼ ਭਰ ਵਿੱਚ ਨਸ਼ਾ ਦਿਨ -ਪ੍ਰਤੀਦਿਨ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਪਤਾ ਨਹੀਂ ਕਿੰਨੇ ਹੀ ਘਰ ਬਰਬਾਦ ਹੋ ਰਹੇ ਹਨ | ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਨਸ਼ੇ ਦੀ ਓਵਰਡੋਜ਼ ਨਾਲ ਅੰਮ੍ਰਿਤਪਾਲ ਸਿੰਘ ਵਾਸੀ ਕਾਲੇਕੇ ਦੀ ਮੌਤ ਹੋ ਗਈ ਹੈ |
ਬੀਤੇ ਕਰੀਬ ਦੋ ਦਿਨਾਂ ਤੋਂ ਘਰ ਤੋਂ ਲਾਪਤਾ
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਕਾਲੇਕੇ ਦੇ ਵਸਨੀਕ ਨੌਜਵਾਨ ਅੰਮ੍ਰਿਤਪਾਲ ਸਿੰਘ ਬੀਤੇ ਕਰੀਬ ਦੋ ਦਿਨਾਂ ਤੋਂ ਘਰ ਤੋਂ ਲਾਪਤਾ ਸੀ। ਉਹ ਸਵੇਰ ਸਮੇਂ ਪਰਿਵਾਰ ਨੂੰ ਬਾਬਾ ਬਕਾਲਾ ਜਾਣ ਦਾ ਕਹਿ ਕੇ ਬਾਅਦ ਵਿੱਚ ਵਾਪਸ ਨਹੀਂ ਪਰਤਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਨੌਜਵਾਨ ਦੇ ਲਾਪਤਾ ਹੋਣ ਸਬੰਧੀ ਥਾਣਾ ਖਲਚੀਆਂ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਅੱਜ ਜਦੋਂ ਪੁਲਿਸ ਵੱਲੋਂ ਲਾਪਤਾ ਨੌਜਵਾਨ ਦੇ ਸਾਥੀਆਂ ਨੂੰ ਕਾਬੂ ਕਰ ਸਖਤੀ ਦੇ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਉਹਨਾਂ ਵੱਲੋਂ ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਉਕਤ ਨੌਜਵਾਨ ਦੀ ਮੌਤ ਹੋ ਜਾਣ ਅਤੇ ਉਹਨਾਂ ਵੱਲੋਂ ਦੱਸੀ ਨਿਸ਼ਾਨਦੇਹੀ ਦੇ ਉੱਤੇ ਮ੍ਰਿਤਕ ਨੌਜਵਾਨ ਦੀ ਕੀੜਿਆਂ ਨਾਲ ਗਲੀ ਸੜੀ ਲਾਸ਼ ਬਰਾਮਦ ਕਰ ਲਈ ਗਈ ਹੈ।
ਲਾਸ਼ ਦੇ ਨੇੜੇ ਇੰਨੀ ਬਦਬੂ ਆ ਰਹੀ ਸੀ ਕਿ ਉੱਥੇ ਖੜੇ ਹੋਣਾ ਵੀ ਮੁਸ਼ਕਿਲ ਹੋ ਰਿਹਾ ਸੀ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ ਅਤੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੀ ਉਕਤ ਨੌਜਵਾਨ ਦੀ ਮੌਤ ਹੋਈ ਹੈ।
ਪੁਲਿਸ ਵੱਲੋਂ ਨੌਜਵਾਨ ਦੇ ਸਾਥੀਆਂ ਕੋਲੋਂ ਕੀਤੀ ਗਈ ਪੁੱਛਗਿੱਛ
ਥਾਣਾ ਖਲਚੀਆਂ ਦੇ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਨੂੰ ਨੌਜਵਾਨ ਦੇ ਲਾਪਤਾ ਹੋਣ ਬਾਰੇ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਸਖਤੀ ਦੇ ਨਾਲ ਮ੍ਰਿਤਕ ਨੌਜਵਾਨ ਦੇ ਸਾਥੀਆਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਕਤ ਸਾਰਾ ਮਾਮਲਾ ਸਾਫ ਹੋ ਗਿਆ ਹੈ। ਪੁਲਿਸ ਵੱਲੋਂ ਹੁਣ ਲਾਸ਼ ਬਰਾਮਦ ਕਰਨ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।